ਰੰਧਾਵਾ ਦੀ ਵੰਗਾਰ, ਕਿਹਾ ਮਜੀਠੀਆ ਨਾਲ ਚੱਲੇ ਹਾਈਕੋਰਟ ਦੇ ਜੱਜ ਤੋਂ ਜਾਂਚ ਲਈ ਤਿਆਰ

11/25/2019 2:58:42 PM

ਚੰਡੀਗੜ੍ਹ – ਸਾਬਕਾ ਸਰਪੰਚ ਦੇ ਕਤਲ ਦੇ ਮਾਮਲੇ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਾਖੜ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ’ਚ ਉਨ੍ਹਾਂ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਮੋਰਚਾ ਖੋਲ੍ਹਦਿਆਂ ਉਸ ’ਤੇ ਤਿੱਖੇ ਹਮਲੇ ਕੀਤੇ ਹਨ। ਰੰਧਾਵਾ ਵਲੋਂ ਬੀਤੇ ਦਿਨ ਮਜੀਠੀਆ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਖਾਲੀਸਤਾਨ ਨਾਂ ਦੀ ਕੋਈ ਚੀਜ਼ ਨਹੀਂ।  ਉਨ੍ਹਾਂ ਕਿਹਾ ਕਿ ਸ਼ੀਸ਼ੇ ਦੇ ਘਰਾਂ ’ਚ ਰਹਿਣ ਵਾਲਿਆਂ ਨੂੰ ਦੂਜਿਆਂ ’ਤੇ ਪੱਥਰ ਨਹੀਂ ਸੁੱਟਣੇ ਚਾਹੀਦੇ ਅਤੇ ਜਿਨ੍ਹਾਂ ਨੇ ਖੁਦ ਰਾਜ ’ਚ ਗੈਂਗਸਟਰ ਪੈਦਾ ਕੀਤੇ, ਉਹ ਹੁਣ ਦੂਜਿਆਂ ’ਤੇ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਗੈਂਗਸਟਰ ਉਸ ਨੇ (ਮਜੀਠੀਆ) ਹੀ ਪੈਦਾ ਕੀਤੇ ਹਨ। ਉਨ੍ਹਾਂ ਇਸ ਮੌਕੇ ਮਜੀਠੀਆ ਦੀਆਂ ਗੈਂਗਸਟਰਾਂ ਨਾਲ ਮੌਜੂਦਗੀ ਦੀਆਂ ਕਈ ਤਸਵੀਰਾਂ ਵੀ ਮੀਡੀਆ ਨੂੰ ਦਿਖਾਈਆਂ।

ਰੰਧਾਵਾ ਨੇ ਮਜੀਠੀਆ ਖਿਲਾਫ਼ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਮੇਰੇ ਸਬੰਧਾਂ ਦੇ ਉਹ ਦੋਸ਼ ਲਾ ਰਹੇ ਹਨ, ਉਸ ’ਤੇ 44 ਕੇਸ ਦਰਜ ਹਨ, ਜਿਨ੍ਹਾਂ ਵਿਚੋਂ 29 ਕੇਸ ਇਕੱਲੇ ਮਜੀਠੀਆ ਦੇ ਹਲਕੇ ਨਾਲ ਸਬੰਧਤ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਬਾਰੇ ਆਪਣੇ ਸਮੇਂ ਮਜੀਠੀਆ ਨੇ ਉਸ ਖਿਲਾਫ਼ ਕਾਰਵਾਈ ਕਿਉਂ ਨਹੀਂ ਕਰਵਾਈ। ਰੰਧਾਵਾ ਨੇ ਮਜੀਠੀਆ ਦੀਆਂ ਗੈਂਗਸਟਰ ਪਰਮਜੀਤ ਪੰਮਾ, ਗੋਲੀ ਗੋਪੀ, ਦਿਲਬਾਗ ਲੰਮਾ ਪੱਟੀ ਵਾਲਾ ਆਦਿ ਨਾਲ ਫੋਟੋਆਂ ਦਿਖਾਈਆਂ। ਰੰਧਾਵਾ ਨੇ ਡਰੱਗ ਸਮੱਗਲਰ ਭੋਲਾ ਦੇ ਮਾਮਲੇ ’ਚ 6 ਹਜ਼ਾਰ ਕਰੋਡ਼ ਰੁਪਏ ਦੀ ਰਿਕਵਰੀ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਪੈਸਾ ਕਿਥੇ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਇਹ ਪੈਸਾ ਵੀ ਸੁਖਬੀਰ ਤੇ ਮਜੀਠੀਆ ਕੋਲ ਹੀ ਗਿਆ ਹੈ। ਰੰਧਾਵਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਨਾ ਤਾਂ ਸੀ.ਬੀ.ਆਈ ਨੇ ਕਰਨੀ ਹੈ ਅਤੇ ਨਾ ਹੀ ਈ.ਡੀ.ਏ ਨੇ। ਈ.ਡੀ.ਏ ਨੇ ਪਹਿਲਾ ਵੀ ਮਜੀਠੀਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ। ਕਾਨਫਰੰਸ ’ਚ ਰੰਧਾਵਾ ਨੇ ਮਜੀਠੀਆ ਨੂੰ ਵੰਗਾਰਦੇ ਹੋਏ ਕਿਹਾ ਕਿ ਉਹ ਉਸ ਦੇ ਨਾਲ ਹਾਈਕੋਰਟ ਚਲੇ, ਜਿਥੇ ਜਾ ਕੇ ਉਹ ਇਸ ਮਾਮਲੇ ਦੀ ਜਾਂਚ ਜੱਜ ਵਲੋਂ ਕਰਵਾਉਗੇ। ਦੱਸ ਦੇਈਏ ਕਿ ਰੰਧਾਵਾ ਨੇ ਇਸ ਪ੍ਰੈੱਸ ਕਾਨਫਰੰਸ ਦੇ ਬਾਰੇ ਕੁਝ ਦਿਨ ਪਹਿਲਾ ਹੀ ਦੱਸ ਦਿੱਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਮਜੀਠੀਆ ਦੀ ਪੋਲ ਖੋਲ੍ਹਣ ਦੇ ਬਾਰੇ ਕਿਹਾ ਸੀ।

ਦੱਸ ਦੇਈਏ ਕਿ ਬੀਤੇ ਦਿਨ ਅਕਾਲੀ ਦਲ ਦੇ ਸੀਨੀਅਰ ਅਾਗੂ ਬਿਕਰਮ ਸਿੰਘ ਮਜੀਠੀਆ ਨੇ ਬਦਮਾਸ਼ ਜੱਗੂ ਭਗਵਾਨਪੁਰੀਅਾ ਅਤੇ ਉਸ ਦੇ ਸਾਥੀਆਂ ਵਲੋਂ ਜੇਲ ਵਿਚੋਂ ਚਲਾਏ ਜਾ ਰਹੇ 1000 ਕਰੋੜ ਰੁਪਏ ਦੇ ਫਿਰੌਤੀ ਰੈਕੇਟ ਦੀ ਜਾਂਚ ਕੇਂਦਰੀ ਏਜੰਸੀ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਕਰਨ ਦੀ ਮੰਗ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਕਾਂਗਰਸੀਆਂ ਦੀ ਪੁਸ਼ਤ-ਪਨਾਹੀ ਕਰਨ ਲਈ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਇਸ ਕਤਲ ਵਿਚ ਜੱਗੂ ਭਗਵਾਨਪੁਰੀਆ ਦੀ ਭੂਮਿਕਾ ਅਤੇ ਜੱਗੂ ਵੱਲੋਂ ਜੇਲ ਵਿਚੋਂ ਚਲਾਏ ਜਾ ਰਹੇ ਫਿਰੌਤੀ ਰੈਕੇਟ ਦੀ ਜਾਂਚ ਕਰਵਾਈ ਜਾਵੇ।

rajwinder kaur

This news is Content Editor rajwinder kaur