ਸਵੇਰੇ ਤੜਕੇ ਚੰਡੀਗੜ੍ਹ ਨੰਬਰ ਦੀ ਸਕਾਰਪੀਓ ਸਵਾਰ ਲੁਟੇਰਿਆਂ ਨੇ ਮਚਾਈ ਸ਼ਹਿਰ ''ਚ ਦਹਿਸ਼ਤ

02/08/2020 4:10:19 PM

ਜਲੰਧਰ (ਸੁਧੀਰ) : ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ 'ਚ ਚੋਰ-ਲੁਟੇਰੇ ਰੋਜ਼ਾਨਾ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਕਦੇ ਸ਼ਰੇਆਮ ਕਿਸੇ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹੀ ਜਾ ਰਹੀ ਹੈ ਤੇ ਕਦੇ ਕਿਸੇ ਦਾ ਪਰਸ ਖੋਹਿਆ ਜਾ ਰਿਹਾ ਹੈ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਸ਼ਹਿਰ 'ਚ ਚੋਰ-ਲੁਟੇਰਿਆਂ ਦਾ ਸਫਾਇਆ ਕਰਨ 'ਚ ਨਾਕਾਮ ਦਿਸ ਰਹੀ ਹੈ। ਅਜੇ ਪਿਛਲੀਆਂ ਵਾਰਦਾਤਾਂ ਕਮਿਸ਼ਨਰੇਟ ਪੁਲਸ ਟਰੇਸ ਨਹੀਂ ਕਰ ਸਕੀ ਕਿ ਇਕ ਵਾਰ ਫਿਰ ਬੇਖੌਫ ਲੁਟੇਰਿਆਂ ਨੇ ਕਮਿਸ਼ਨਰੇਟ ਪੁਲਸ ਨੂੰ ਸ਼ਰੇਆਮ ਚੁਣੌਤੀ ਦਿੰਦਿਆਂ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਲੁਟੇਰੇ ਪੂਰੀ ਤਰ੍ਹਾਂ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ। ਹੈਰਾਨੀ ਦੀ ਗੱਲ ਹੈ ਕਿ ਘਟਨਾ ਤੋਂ ਬਾਅਦ ਲੁਟੇਰੇ ਸ਼ਰੇਆਮ ਸ਼ਹਿਰ 'ਚ ਚੰਡੀਗੜ੍ਹ ਨੰਬਰ ਲੱਗੀ ਸਕਾਰਪੀਓ ਗੱਡੀ 'ਚ ਘੁੰਮਦੇ ਰਹੇ, ਜਦੋਂਕਿ ਸ਼ਹਿਰ ਵਿਚ ਨਾਕਾਬੰਦੀ ਦੇ ਦਾਅਵੇ ਕਰਨ ਵਾਲੀ ਪੁਲਸ ਲੁਟੇਰਿਆਂ ਨੂੰ ਫੜਨ ਵਿਚ ਅਸਫਲ ਰਹੀ।

ਮਾਈ ਹੀਰਾਂ ਗੇਟ ਕੋਲ ਪੱਠਿਆਂ ਦਾ ਟਾਲ ਚਲਾਉਣ ਵਾਲੇ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਕਰੀਬ 10 ਸਾਲਾਂ ਤੋਂ ਉਹ ਆਪਣੇ ਕਾਰੋਬਾਰ ਦੇ ਕਾਰਨ ਸਵੇਰੇ ਤੜਕੇ 3 ਵਜੇ ਆਪਣੇ ਟਾਲ 'ਤੇ ਆਉਂਦਾ ਹੈ ਅਤੇ ਲੇਬਰ ਲਈ ਉਹ ਰੋਜ਼ਾਨਾ ਸਟੇਸ਼ਨ ਤੋਂ ਕਰੀਬ 4 ਵਜੇ ਚਾਹ ਲੈਣ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਸਟੇਸ਼ਨ ਵੱਲ ਚਾਹ ਲੈਣ ਲਈ ਜਾ ਰਿਹਾ ਸੀ ਕਿ ਇਸ ਦੌਰਾਨ ਸਕਾਰਪੀਓ ਗੱਡੀ ਵਿਚ ਬੈਠੇ ਲੁਟੇਰਿਆਂ ਨੇ ਮਾਈ ਹੀਰਾਂ ਗੇਟ ਕੋਲ ਉਸ ਨੂੰ ਆਵਾਜ਼ ਮਾਰ ਕੇ ਰੋਕਿਆ। ਰਾਜ ਕੁਮਾਰ ਨੇ ਦੱਸਿਆ ਕਿ ਉਸ ਨੇ ਦੇਖਿਆ ਕਿ ਬਾਹਰੀ ਨੰਬਰ ਦੀ ਗੱਡੀ 'ਚ ਸਵਾਰ ਨੌਜਵਾਨ ਸ਼ਾਇਦ ਰਸਤਾ ਪੁੱਛਣ ਲਈ ਉਸ ਨੂੰ ਆਵਾਜ਼ ਮਾਰ ਰਹੇ ਹਨ। ਰਾਜ ਕੁਮਾਰ ਨੇ ਦੱਸਿਆ ਕਿ ਜਿਉਂ ਹੀ ਉਹ ਗੱਡੀ ਕੋਲ ਪਹੁੰਚਿਆ ਤਾਂ ਇੰਨੇ ਵਿਚ ਗੱਡੀ ਸਵਾਰ ਇਕ ਲੁਟੇਰਾ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਗੱਡੀ 'ਚੋਂ ਬਾਹਰ ਨਿਕਲਿਆ ਜਿਸ ਨੇ ਹਥਿਆਰਾਂ ਦੀ ਨੋਕ 'ਤੇ ਨਕਦੀ ਤੇ ਹੋਰ ਸਾਮਾਨ ਕੱਢਣ ਦੀ ਗੱਲ ਕਹੀ ਅਤੇ ਉਸ ਦੀ ਐਕਟਿਵਾ ਦੀ ਚਾਬੀ ਵੀ ਕੱਢ ਲਈ।

ਬੇਖੌਫ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ
ਰਾਜ ਕੁਮਾਰ ਨੇ ਦੱਸਿਆ ਕਿ ਉਸ ਨੇ ਹੁਸ਼ਿਆਰੀ ਵਿਖਾਉਂਦਿਆਂ ਰੌਲਾ ਪਾਇਆ ਅਤੇ ਕੁੱਝ ਹੀ ਦੂਰ ਬੈਠੇ ਚੌਕੀਦਾਰ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰਾਜ ਕੁਮਾਰ ਨੇ ਦੱਸਿਆ ਕਿ ਜਿਉਂ ਹੀ ਉਹ ਉਥੋਂ ਭੱਜਣ ਲੱਗਾ ਤਾਂ ਬੇਖੌਫ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਵਾਰ ਕੀਤੇ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਰੌਲਾ ਪੈਂਦਾ ਵੇਖ ਉਕਤ ਲੁਟੇਰਾ ਗੱਡੀ ਵਿਚ ਬੈਠ ਕੇ ਆਪਣੇ ਸਾਥੀਆਂ ਸਣੇ ਆਰਾਮ ਨਾਲ ਉਥੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ।

ਪੁਲਸ ਪਾਰਟੀ ਮੌਕੇ 'ਤੇ ਪੁੱਜੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 3 ਦੇ ਇੰਚਾਰਜ ਰਸ਼ਮਿੰਦਰ ਸਿੰਘ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਸ ਨੇ ਮੌਕੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ। ਇਸ ਵਾਰਦਾਤ ਤੋਂ ਬਾਅਦ ਬੇਖੌਫ ਲੁਟੇਰਿਆਂ ਨੇ ਥਾਣਾ ਨੰਬਰ-1 ਅਧੀਨ ਪੈਂਦੇ ਇਲਾਕੇ ਮਕਸੂਦਾਂ ਫਲਾਈਓਵਰ ਕੋਲ ਵੀ ਇਕ ਆਟੋ ਚਾਲਕ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਕੋਲੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਦੂਜੇ ਪਾਸੇ ਥਾਣਾ ਨੰਬਰ 3 ਦੇ ਇੰਚਾਰਜ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੀੜਤ ਵਿਅਕਤੀ ਨੇ ਪੁਲਸ ਨੂੰ ਮਾਮਲਾ ਦਰਜ ਕਰਵਾਉਣ ਲਈ ਕੋਈ ਬਿਆਨ ਨਹੀਂ ਦਿੱਤੇ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਨੇ ਥਾਣਾ ਨੰਬਰ-1 ਵਿਚ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਪੀ. ਸੀ. ਆਰ. ਦਸਤਾ ਸੁਸਤ, ਚੋਰ-ਲੁਟੇਰੇ ਚੁਸਤ
ਸ਼ਹਿਰ ਵਿਚ ਅਪਰਾਧ 'ਤੇ ਕਾਬੂ ਪਾਉਣ ਵਾਲਾ ਪੀ. ਸੀ. ਆਰ. ਦਸਤਾ ਬਿਲਕੁਲ ਸੁਸਤ ਨਜ਼ਰ ਆ ਰਿਹਾ ਹੈ, ਜਿਸ ਕਾਰਣ ਚੋਰ-ਲੁਟੇਰੇ ਰੋਜ਼ਾਨਾ ਸ਼ਹਿਰ ਵਿਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਬੜੇ ਆਰਾਮ ਨਾਲ ਫਰਾਰ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਅਪਰਾਧੀਆਂ 'ਤੇ ਨਕੇਲ ਕੱਸਣ ਲਈ ਕਾਫੀ ਸਮਾਂ ਪਹਿਲਾਂ ਪੀ. ਸੀ. ਆਰ. ਦਸਤੇ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਨੂੰ ਸ਼ਹਿਰ ਵਿਚ ਪੈਟਰੋਲਿੰਗ ਕਰਨ ਲਈ ਲਾਲ ਅਤੇ ਨੀਲੀ ਬੱਤੀ ਲੱਗੇ ਮੋਟਰਸਾਈਕਲਾਂ 'ਤੇ ਸ਼ਹਿਰ ਦੀਆਂ ਸੜਕਾਂ 'ਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਕੇ ਰਵਾਨਾ ਕੀਤਾ ਗਿਆ ਸੀ। ਪਹਿਲਾਂ ਤਾਂ ਇਨ੍ਹਾਂ ਦੀ ਪਰਫਾਰਮੈਂਸ ਕਾਫੀ ਵਧੀਆ ਰਹੀ ਪਰ ਹੁਣ ਪੀ. ਸੀ. ਆਰ. ਦਸਤੇ ਦੀ ਢਿੱਲੀ ਕਾਰਗੁਜ਼ਾਰੀ ਕਾਰਣ ਚੋਰ-ਲੁਟੇਰੇ ਜ਼ਿਆਦਾ ਐਕਟਿਵ ਦਿਸ ਰਹੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ 'ਜਗ ਬਾਣੀ' ਨੇ ਪੀ. ਸੀ. ਆਰ. ਦੀ ਢਿੱਲੀ ਕਾਰਗੁਜ਼ਾਰੀ ਦੇ ਸਬੰਧ ਵਿਚ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਰਾਤ ਨੂੰ ਦਾਖਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਤੇ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਵੀ ਨਾਂਹ ਦੇ ਬਰਾਬਰ ਦਿਸ ਰਹੀ ਹੈ। ਜਿਸ ਕਾਰਣ ਚੋਰ-ਲੁਟੇਰੇ ਆਪਣੇ ਮਕਸਦ ਵਿਚ ਕਾਮਯਾਬ ਹੋ ਰਹੇ ਹਨ।

Anuradha

This news is Content Editor Anuradha