ਮਹਿਲਾ ਸਬ-ਇੰਸਪੈਕਟਰ, ਮੋਰਨੀ ਚੌਕੀ ਇੰਚਾਰਜ ਸਮੇਤ 3 ਪੁਲਸ ਕਰਮਚਾਰੀ ਸਸਪੈਂਡ

07/21/2018 7:51:49 AM

ਚੰਡੀਗੜ੍ਹ (ਸੰਦੀਪ) - ਮੋਰਨੀ ਦੇ ਇਕ ਹੋਟਲ 'ਚ ਔਰਤ ਨਾਲ 4 ਦਿਨਾਂ 'ਚ 30 ਵਿਅਕਤੀਆਂ ਵਲੋਂ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਪੰਚਕੂਲਾ ਪੁਲਸ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਔਰਤ ਆਪਣੇ ਪਤੀ ਨਾਲ ਜਦੋਂ ਸ਼ਿਕਾਇਤ ਦੇਣ ਪੰਚਕੂਲਾ ਸੈਕਟਰ-5 ਸਥਿਤ ਮਹਿਲਾ ਥਾਣੇ ਪਹੁੰਚੀ ਤਾਂ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਨ੍ਹਾਂ ਨੂੰ ਚੰਡੀਗੜ੍ਹ ਪੁਲਸ ਨੂੰ ਸ਼ਿਕਾਇਤ ਦੇਣ ਦੀ ਗੱਲ ਕਹਿੰਦੇ ਹੋਏ ਉਥੋਂ ਚਲਦਾ ਕਰ ਦਿੱਤਾ ਗਿਆ। ਜਦੋਂ ਮਾਮਲਾ ਸੁਰਖੀਆਂ 'ਚ ਆਇਆ ਤੇ ਪੰਚਕੂਲਾ ਪੁਲਸ ਦੀ ਹੇਠੀ ਹੋਈ ਤਾਂ ਉੱਚ ਅਧਿਕਾਰੀਆਂ ਨੇ ਪੰਚਕੂਲਾ ਮਹਿਲਾ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ, ਮੋਰਨੀ ਚੌਕੀ ਇੰਚਾਰਜ ਸਮੇਤ 3 ਪੁਲਸ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਕੇ ਉਨ੍ਹਾਂ ਖਿਲਾਫ ਜਾਂਚ ਦੇ ਹੁਕਮ ਦੇ ਦਿੱਤੇ।
ਹੋਟਲ 'ਚ ਕੰਮ ਦੇਣ ਦੀ ਗੱਲ ਕਹਿ ਕੇ ਲੈ ਗਿਆ ਸੀ ਸੰਚਾਲਕ : ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਸਦਾ ਪਤੀ ਟੇਲਰ ਹੈ, ਉਸਨੂੰ ਵੀ ਕੰਮ ਦੀ ਭਾਲ ਸੀ। ਮੋਰਨੀ ਦੇ ਪਿੰਡ ਕੈਂਮਵਾਲਾ ਸਥਿਤ ਹੋਟਲ ਦੇ ਸੰਚਾਲਕ ਸੰਨੀ ਨੇ ਉਸਦੇ ਪਤੀ ਨੂੰ ਕਿਹਾ ਕਿ ਉਹ ਆਪਣੇ ਹੋਟਲ 'ਚ ਪੀੜਤਾ ਨੂੰ ਸਫਾਈ ਦੇ ਕੰਮ 'ਤੇ ਰੱਖ ਲਵੇਗਾ। 15 ਜੁਲਾਈ ਨੂੰ ਪੀੜਤਾ ਦਾ ਪਤੀ ਉਸਨੂੰ ਲੈ ਕੇ ਨਾਲਾਗੜ੍ਹ ਗਿਆ ਸੀ। ਇਥੋਂ ਸੰਨੀ ਉਸਨੂੰ ਆਪਣੀ ਕਾਰ ਵਿਚ ਆਪਣੇ ਹੋਟਲ 'ਚ ਲੈ ਗਿਆ। 15 ਤੋਂ 18 ਜੁਲਾਈ ਤਕ ਹੋਟਲ 'ਚ ਆਉਣ ਵਾਲੇ 30 ਵਿਅਕਤੀਆਂ ਨੇ ਉਸਦੇ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਪੀੜਤਾ ਨੇ ਪਤੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਨੀ ਨੇ ਅਜਿਹਾ ਨਾ ਕਰਨ ਦਿੱਤਾ। 18 ਜੁਲਾਈ ਦੀ ਰਾਤ ਨੂੰ ਉਹ ਹੋਟਲ ਤੋਂ ਨਿਕਲ ਕੇ ਆਪਣੇ ਪਤੀ ਕੋਲ ਪਹੁੰਚੀ ਤੇ ਹੱਡਬੀਤੀ ਸੁਣਾਈ।
ਹੋਟਲ ਸੰਚਾਲਕ ਤੇ ਮੈਨੇਜਰ ਕਾਨੂੰਨੀ ਹਿਰਾਸਤ 'ਚ ਭੇਜੇ  : ਪੀੜਤਾ ਵਲੋਂ ਮਨੀਮਾਜਰਾ ਥਾਣਾ ਪੁਲਸ ਨੂੰ ਜਦੋਂ ਇਸ ਵਿਸ਼ੇ 'ਚ ਸ਼ਿਕਾਇਤ ਦਿੱਤੀ ਗਈ ਤਾਂ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਐੱਫ. ਆਈ. ਆਰ. ਦਰਜ ਕਰ ਲਈ। ਪੁਲਸ ਨੇ ਹੋਟਲ ਸੰਚਾਲਕ ਸੰਨੀ ਤੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਪੰਚਕੂਲਾ ਮਹਿਲਾ ਥਾਣਾ ਪੁਲਸ 'ਤੇ ਫਰਿਆਦ ਨਾ ਸੁਣਨ ਦੇ ਦੋਸ਼ : ਮਨੀਮਾਜਰਾ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਪੰਚਕੂਲਾ ਮਹਿਲਾ ਥਾਣਾ ਪੁਲਸ 'ਤੇ ਉਸਦੀ ਫਰਿਆਦ ਨਾ ਸੁਣਨ ਤੇ ਉਸਦੀ ਸ਼ਿਕਾਇਤ 'ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਇਥੇ ਪੁਲਸ ਨੇ ਪੀੜਤਾ ਨੂੰ ਕਿਹਾ ਕਿ ਤੁਸੀਂ ਲੋਕ ਚੰਡੀਗੜ੍ਹ 'ਚ ਰਹਿੰਦੇ ਹੋ ਤਾਂ ਤੁਹਾਡੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਸ ਹੀ ਕਾਰਵਾਈ ਕਰੇਗੀ।
ਕੋਟਸ :
ਪੁਲਸ ਨੇ ਹੋਟਲ ਸੰਚਾਲਕ ਤੇ ਮੈਨੇਜਰ ਨੂੰ ਕਾਬੂ ਕਰ ਲਿਆ ਹੈ। ਕੇਸ ਪੰਚਕੂਲਾ ਪੁਲਸ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ।
-ਸਤੀਸ਼ ਕੁਮਾਰ, ਡੀ. ਐੱਸ. ਪੀ., ਈਸਟ ਡਵੀਜ਼ਨ
ਕੋਟਸ :
ਲਾਪ੍ਰਵਾਹੀ ਵਰਤਣ ਵਾਲੇ 3 ਪੁਲਸ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਮਹਿਲਾ ਥਾਣੇ ਦੀ ਸਬ-ਇੰਸਪੈਕਟਰ, ਮੋਰਨੀ ਚੌਕੀ ਇੰਚਾਰਜ ਸਮੇਤ ਤਿੰਨ ਨੂੰ ਸਸਪੈਂਡ ਕਰਕੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
-ਰਾਜਿੰਦਰ ਕੁਮਾਰ ਮੀਨਾ, ਡੀ. ਸੀ. ਪੀ., ਪੰਚਕੂਲਾ