ਲੰਬੀ ਡਿਊਟੀ ਤੇ ਵੀਕਲੀ ਆਫ ਨਾ ਮਿਲਣ ਕਾਰਨ ''ਚੰਡੀਗੜ੍ਹ ਪੁਲਸ'' ਪਰੇਸ਼ਾਨ

08/29/2019 1:46:25 PM

ਚੰਡੀਗੜ੍ਹ (ਸੁਸ਼ੀਲ) : ਲੰਬੀ ਡਿਊਟੀ ਅਤੇ ਵੀਕਲੀ ਆਫ ਨਾ ਮਿਲਣ ਕਾਰਨ ਚੰਡੀਗੜ੍ਹ ਪੁਲਸ ਦੇ ਜਵਾਨ ਤਣਾਅ ਅਤੇ ਬੀਮਾਰੀਆਂ ਨਾਲ ਘਿਰ ਰਹੇ ਹਨ | ਇਸ ਕਾਰਨ ਚੰਡੀਗੜ੍ਹ ਪੁਲਸ ਦੇ ਹੈੱਡ ਕਾਂਸਟੇਬਲ ਜਗਜੀਤ ਸਿੰਘ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਦੀ ਅਦਾਲਤ 'ਚ ਜਨਹਿਤ ਪਟੀਸ਼ਨ ਦਰਜ ਕੀਤੀ ਹੈ | ਚੀਫ ਜਸਟਿਸ ਨੇ ਜਨਹਿਤ ਪਟੀਸ਼ਨ 'ਤੇ ਬਹਿਸ ਕਰਨ ਲਈ 4 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ |

ਜਨਹਿਤ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਲੰਬੀ ਡਿਊਟੀ ਕਾਰਨ ਪੁਲਸ ਮੁਲਾਜ਼ਮ ਆਮ ਲੋਕਾਂ ਨਾਲ ਬਿਹਤਰ ਤਾਲਮੇਲ ਨਹੀਂ ਕਰ ਪਾਉਂਦੇ, ਜਿਸ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | 8 ਘੰਟੇ ਦੀ ਸ਼ਿਫਟ ਲਾਗੂ ਹੋਣ 'ਤੇ ਲੋਕਾਂ ਨੂੰ ਈਮਾਨਦਾਰ ਅਤੇ ਬਿਹਤਰ ਤਾਲਮੇਲ ਵਾਲੇ ਪੁਲਸ ਮੁਲਾਜ਼ਮ ਮਿਲਣਗੇ | ਚੰਡੀਗੜ੍ਹ 'ਚ 1 ਲੱਖ ਲੋਕਾਂ 'ਤੇ 476 ਪੁਲਸ ਮੁਲਾਜ਼ਮ ਮੌਜੂਦ ਹਨ, ਜਦੋਂ ਕਿ ਬੀ. ਪੀ. ਆਰ. ਡੀ. ਨੇ ਆਪਣੀ ਸਟਡੀ 'ਚ ਕਿਹਾ ਹੈ ਕਿ ਇਕ ਲੱਖ ਲੋਕਾਂ 'ਤੇ 173 ਪੁਲਸ ਮੁਲਾਜ਼ਮ ਹੋਣ 'ਤੇ ਸੌਖ ਨਾਲ 8 ਘੰਟੇ ਦੀ ਡਿਊਟੀ ਅਤੇ ਵੀਕਲੀ ਆਫ ਸੌਖ ਨਾਲ ਦਿੱਤਾ ਜਾ ਸਕਦਾ ਹੈ | ਉੱਥੇ ਹੀ ਯੂ. ਐੱਨ. ਓ. ਨੇ ਕਿਹਾ ਕਿ ਇਕ ਲੱਖ ਲੋਕ ਹੋਣ 'ਤੇ 222 ਪੁਲਸ ਮੁਲਾਜ਼ਮ ਹੋਣ 'ਤੇ 8 ਘੰਟੇ ਦੀ ਡਿਊਟੀ ਸ਼ਿਫਟ 'ਚ ਕਰ ਸਕਦੇ ਹਨ |

ਫੋਰਸ ਦੁੱਗਣੀ ਹੋਣ ਦੇ ਬਾਵਜੂਦ ਚੰਡੀਗੜ੍ਹ ਪੁਲਸ ਆਪਣੇ ਜਵਾਨਾਂ ਲਈ ਵੀਕਲੀ ਆਫ ਅਤੇ 8 ਘੰਟੇ ਦੀ ਸ਼ਿਫਟ ਲਾਗੂ ਨਹੀਂ ਕਰ ਰਹੀ ਹੈ | ਲੰਬੀ ਡਿਊਟੀ ਕਾਰਨ 552 ਪੁਲਸ ਮੁਲਾਜ਼ਮ ਕਈ ਬੀਮਾਰੀਆਂ ਤੋਂ ਪੀੜਤ ਹੋ ਚੁੱਕੇ ਹਨ | 120 ਪੁਲਸ ਮੁਲਾਜ਼ਮ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ, 46 ਪੁਲਸ ਮੁਲਾਜ਼ਮ ਸ਼ੂਗਰ ਤੋਂ, 381 ਪੁਲਸ ਮੁਲਾਜ਼ਮ ਮੋਟਾਪੇ ਤੋਂ ਅਤੇ 4 ਪੁਲਸ ਮੁਲਾਜ਼ਮਾਂ ਨੂੰ ਸੁਣਾਈ ਨਾ ਦੇਣ ਦੀ ਬੀਮਾਰੀ ਹੈ | 

Babita

This news is Content Editor Babita