ਚੰਡੀਗੜ੍ਹ ਪੁਲਸ ਦੀ ਪਹਿਲੀ ਮਹਿਲਾ ਡੀ. ਐੱਸ. ਪੀ. ਬਣੀ ਹਰਜੀਤ ਕੌਰ

02/02/2018 8:02:53 AM

ਚੰਡੀਗੜ੍ਹ, (ਸੁਸ਼ੀਲ)- ਚੰਡੀਗੜ੍ਹ ਪ੍ਰਸ਼ਾਸਨ ਨੇ ਵੀਰਵਾਰ ਨੂੰ ਦਲੀਪ ਰਤਨ ਤੇ ਇੰਸਪੈਕਟਰ ਹਰਜੀਤ ਕੌਰ ਨੂੰ ਪ੍ਰਮੋਟ ਕਰ ਦਿੱਤਾ ਹੈ। ਹਰਜੀਤ ਕੌਰ ਚੰਡੀਗੜ੍ਹ ਪੁਲਸ ਦੀ ਪਹਿਲੀ ਮਹਿਲਾ ਡੀ. ਐੱਸ. ਪੀ. ਬਣੀ ਹੈ। ਦੋਵਾਂ ਨੂੰ ਡੀ. ਐੱਸ. ਪੀ. ਪ੍ਰਮੋਟ ਕਰਨ ਦੇ ਹੁਕਮ ਹੋਮ ਸਪੈਸ਼ਲ ਸੈਕਟਰੀ ਅਨੁਰਾਗ ਅਗਰਵਾਲ ਨੇ ਜਾਰੀ ਕੀਤੇ। ਪੁਲਸ ਵਿਭਾਗ ਨੇ ਅਜੇ ਨਵੇਂ ਬਣੇ ਡੀ. ਐੱਸ. ਪੀਜ਼ ਨੂੰ ਕਿਸੇ ਵੀ ਵਿਭਾਗ ਦਾ ਚਾਰਜ ਨਹੀਂ ਦਿੱਤਾ ਹੈ। ਡੀ. ਐੱਸ. ਪੀ. ਬਣੇ ਦਲੀਪ ਰਤਨ ਅਜੇ ਤਕ ਕ੍ਰਾਈਮ ਬ੍ਰਾਂਚ ਤੇ ਹਰਜੀਤ ਕੌਰ ਆਰਥਿਕ ਕ੍ਰਾਈਮ ਬ੍ਰਾਂਚ ਵਿਚ ਤਾਇਨਾਤ ਸਨ। 
ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਇੰਸਪੈਕਟਰ ਚਰਨਜੀਤ ਸਿੰਘ ਨੂੰ ਵਿਜੀਲੈਂਸ ਇਨਕੁਆਰੀ ਪੈਂਡਿੰਗ ਹੋਣ ਕਾਰਨ ਪ੍ਰਮੋਟ ਨਹੀਂ ਕੀਤਾ ਹੈ। ਇੰਸਪੈਕਟਰ ਚਰਨਜੀਤ ਸਿੰਘ ਦੀ ਵਿਜੀਲੈਂਸ ਇਨਕੁਆਰੀ ਰਿਪੋਰਟ ਆਉਣ ਮਗਰੋਂ ਹੀ ਖਾਲੀ ਪੋਸਟ ਨੂੰ ਭਰਿਆ ਜਾਵੇਗਾ। 
ਇੰਸਪੈਕਟਰ ਚਰਨਜੀਤ ਸਿੰਘ ਤੇ ਦਿਲਸ਼ੇਰ ਦੀ ਚੱਲ ਰਹੀ ਹੈ ਵਿਭਾਗੀ ਜਾਂਚ
ਡੀ. ਐੱਸ. ਪੀ. ਦੀ ਪ੍ਰਮੋਸ਼ਨ ਵਿਚ ਦੂਸਰੇ ਨੰਬਰ 'ਤੇ ਚੱਲ ਰਹੇ ਇੰਸਪੈਕਟਰ ਚਰਨਜੀਤ ਸਿੰਘ ਨੂੰ ਵਿਜੀਲੈਂਸ ਜਾਂਚ ਕਾਰਨ ਪ੍ਰਮੋਸ਼ਨ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਚੌਥੇ ਨੰਬਰ 'ਤੇ ਇੰਸਪੈਕਟਰ ਦਿਲਸ਼ੇਰ ਸਿੰਘ ਚੰਦੇਲ ਦੀ ਵੀ ਪੁਲਸ ਵਿਭਾਗ ਨੇ 2017 ਵਿਚ ਵਿਦੇਸ਼ ਜਾਣ 'ਤੇ ਛੁੱਟੀ ਲੈਣ ਸਬੰਧੀ ਇਨਕੁਆਰੀ ਖੋਲ੍ਹ ਦਿੱਤੀ ਹੈ। ਇਨਕੁਆਰੀ ਦਾ ਜ਼ਿੰਮਾ ਡੀ. ਐੱਸ. ਪੀ. ਟ੍ਰੈਫਿਕ ਰਾਜੀਵ ਨੂੰ ਸੌਂਪਿਆ ਗਿਆ ਹੈ।