ਚੰਡੀਗੜ੍ਹ ਗੈਂਗਰੇਪ : ਪੀੜਤਾ ਨੇ ਜੱਜ ਸਾਹਮਣੇ ਦਿੱਤੇ ਬਿਆਨ, ਭਾਵੁਕ ਹੁੰਦਿਆਂ ਦੱਸੀ ਦਰਦ ਭਰੀ ਦਾਸਤਾਨ

11/21/2017 9:12:15 AM

ਚੰਡੀਗੜ੍ਹ : ਆਟੋ ਡਰਾਈਵਰ ਅਤੇ ਉਸ ਦੇ ਸਾਥੀਆਂ ਵਲੋਂ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈ ਪੀੜਤਾ ਨੇ ਜੱਜ ਸਾਹਮਣੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਸਨ। ਪੀੜਤਾ ਨੇ ਭਾਵੁਕ ਹੁੰਦਿਆਂ ਜੱਜ ਨੂੰ ਆਪਣੇ ਨਾਲ ਬੀਤੀ ਦਰਦਭਰੀ ਦਾਸਤਾਨ ਸੁਣਾਈ। ਇਸ ਦੌਰਾਨ ਦੋਸ਼ੀ ਆਟੋ ਚਾਲਕ ਦੀ ਸ਼ਕਲ ਨਾਲ ਮਿਲਦਾ-ਜੁਲਦਾ ਇਕ ਲੜਕਾ ਵੀ ਪੁਲਸ ਨੇ ਪੀੜਤਾ ਨੂੰ ਪਛਾਨਣ ਲਈ ਕਿਹਾ ਕਿ ਪਰ ਪੀੜਤਾ ਨੇ ਦੱਸਿਆ ਕਿ ਇਹ ਉਹ ਲੜਕਾ ਨਹੀਂ ਹੈ, ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।
ਇਸ ਘਟਨਾ ਦੇ 4 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੂੰ ਆਟੋ ਦਾ ਸਿਰਫ ਅਧੂਰਾ ਨੰਬਰ ਹੀ ਮਿਲ ਸਕਿਆ ਹੈ, ਜਿਸ ਦੇ ਆਧਾਰ 'ਤੇ ਇਸਨੂੰ ਟੈਂਪਰੇਰੀ ਨੰਬਰ ਮੰਨਿਆ ਜਾ ਰਿਹਾ ਹੈ। ਫਿਲਹਾਲ ਟੈਂਪਰੇਰੀ ਆਟੋ ਡਰਾਈਵਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਸਮੂਹਕ ਬਲਾਤਕਾਰ ਦੀ ਵਾਰਦਾਤ ਤੋਂ ਬਾਅਦ ਤੋਂ ਕੋਈ ਆਟੋ ਡਰਾਈਵਰ ਆਪਣੇ ਸਟੈਂਡ ਤੋਂ ਮਿਸਿੰਗ ਤਾਂ ਨਹੀਂ। ਫਿਲਹਾਲ ਪੁਲਸ ਦੋਸ਼ੀਆਂ ਨੂੰ ਲੱਭਣ 'ਚ ਲੱਗੀ ਹੋਈ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਘਟਨਾ ਦੇ ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ।