ਚੰਡੀਗੜ੍ਹ ''ਚ 44 EV ਸਟੇਸ਼ਨ ਹੋਣਗੇ ਸ਼ੁਰੂ, 332 ਵਾਹਨ ਹੋ ਸਕਣਗੇ ਚਾਰਜ

11/17/2022 12:38:05 PM

ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਸਤੰਬਰ ਮਹੀਨੇ ਇਲੈਕਟ੍ਰਿਕ ਵਾਹਨ ਪਾਲਿਸੀ ਜਾਰੀ ਕੀਤੀ ਸੀ। ਹੁਣ ਚਾਰਜਿੰਗ ਸਟੇਸ਼ਨ ਬਣਾਉਣ ਦਾ ਕੰਮ ਚੱਲ ਰਿਹਾ ਹੈ। ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ) ਨੇ 44 ਈ. ਵੀ. ਸਟੇਸ਼ਨ ਸਥਾਪਿਤ ਕਰਨ ਲਈ ਦੋ ਕੰਪਨੀਆਂ ਨੂੰ ਕੰਮ ਦਿੱਤਾ ਹੈ। ਕ੍ਰੈਸਟ ਵਲੋਂ ਬੈਟਰੀ ਸਵੈਪਿੰਗ ਸਟੇਸ਼ਨ ਵੀ ਬਣਾਏ ਜਾ ਰਹੇ ਹਨ। ਬੈਟਰੀ ਚਾਰਜ ਕਰਨ ਲਈ ਵੀ ਰੇਟ ਤੈਅ ਕੀਤੇ ਗਏ ਹਨ। ਹੌਲੀ/ਮੱਧਮ ਅਤੇ ਫਾਸਟ ਚਾਰਜਿੰਗ ਅਤੇ ਬੈਟਰੀ ਸਵੈਪਿੰਗ ਦੇ ਅਨੁਸਾਰ ਵੱਖ-ਵੱਖ ਰੇਟ ਤੈਅ ਕੀਤੇ ਗਏ ਹਨ। ਕ੍ਰੈਸਟ ਦੇ ਸੀ. ਈ. ਓ. ਦਵਿੰਦਰ ਦਲਾਈ ਨੇ ਦੱਸਿਆ ਕਿ ਈ. ਵੀ. ਚਾਰਜਿੰਗ ਲਈ ਚੰਡੀਗੜ੍ਹ 'ਚ ਸਭ ਤੋਂ ਘੱਟ ਰੇਟ ਤੈਅ ਕੀਤੇ ਗਏ ਹਨ। ਆਉਣ ਵਾਲੇ ਦਿਨਾਂ 'ਚ 44 ਈ. ਵੀ. ਸਟੇਸ਼ਨ ਸ਼ੁਰੂ ਹੋ ਜਾਣਗੇ। ਇੱਥੇ ਇਕ ਸਮੇਂ 'ਚ 332 ਵਾਹਨਾਂ ਨੂੰ ਚਾਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ 26 ਬੈਟਰੀ ਸਵੈਪਿੰਗ ਸਟੇਸ਼ਨ ਵੀ ਸਥਾਪਿਤ ਕੀਤੇ ਜਾ ਰਹੇ ਹਨ। ਇਸ ਲਈ ਦੋ ਕੰਪਨੀਆਂ ਨੂੰ ਕੰਮ ਸੌਂਪਿਆ ਗਿਆ ਹੈ।
ਇੱਥੇ ਬਣਾਏ ਗਏ ਚਾਰਜਿੰਗ ਸਟੇਸ਼ਨ
ਇਸ ਵੇਲੇ ਸੈਕਟਰ-19 ਕਮਿਊਨਿਟੀ ਹਾਲ ਪਾਰਕਿੰਗ ਏਰੀਆ, ਸੈਕਟਰ-24ਏ ਪਬਲਿਕ ਪਾਰਕਿੰਗ ਏਰੀਆ, ਸੈਕਟਰ-50 ਬਿਜ਼ਨੈੱਸ ਕਾਲਜ, ਸੈਕਟਰ-42 ਪਾਮ ਗਾਰਡਨ, ਸਾਰੰਗਪੁਰ ਬੋਟੈਨੀਕਲ ਗਾਰਡਨ, ਸੈਕਟਰ-31ਏ ਜੈਪਨੀਜ ਗਾਰਡਨ ਵਿਚ ਦੋ ਅਤੇ ਸੈਕਟਰ-42 ਝੀਲ ਦੀ ਚਾਰਜਿੰਗ 'ਚ ਚਾਰਜਿੰਗ ਸਟੇਸ਼ਨ ਬਣਾਏ ਗਏ ਹਨ।

Babita

This news is Content Editor Babita