ਅੰਤਰਰਾਸ਼ਟਰੀ ਹਵਾਈ ਅੱਡਾ ਬਣਾਏਗਾ ਆਪਣਾ ਰਨਵੇ

07/08/2017 8:14:55 AM

ਚੰਡੀਗੜ੍ਹ  (ਲਲਨ) - ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਹਵਾਈ ਅੱਡਾ ਅਥਾਰਟੀ ਵਲੋਂ ਹੁਣ ਨਵਾਂ ਰਨਵੇ ਬਣਾਉਣ ਦੀ ਵੀ ਤਿਆਰੀ ਸ਼ੁਰੂ ਕਰ ਲਈ ਹੈ। ਅਥਾਰਟੀ ਵਲੋਂ ਰਨਵੇ ਲਈ ਵਰਤੀ ਜਾ ਰਹੀ ਜ਼ਮੀਨ ਨੂੰ ਲੈ ਕੇ ਸੂਬਾ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ।  ਸੂਤਰਾਂ ਅਨੁਸਾਰ ਜਿਵੇਂ ਹੀ ਜ਼ਮੀਨ ਮਿਲ ਜਾਵੇਗੀ ਰਨਵੇ ਦਾ ਨਿਰਮਾਣ ਕਾਰਜ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਅਥਾਰਟੀ ਵਲੋਂ ਨਵਾਂ ਰਨਵੇ ਬਣਾਉਣ ਲਈ ਇਸ ਲਈ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਅੰਤਰਰਾਸ਼ਟਰੀ ਉਡਾਣਾਂ ਜ਼ਿਆਦਤਰ ਰਾਤ ਦੇ ਸਮੇਂ ਹੀ ਆਪਰੇਟ ਹੁੰਦੀਆਂ ਹਨ। ਇਸ ਤਰ੍ਹਾਂ ਹਵਾਈ ਫੌਜ ਅਥਾਰਟੀ ਵਲੋਂ 9:30 ਵਜੇ ਤੋਂ ਬਾਅਦ ਕੋਈ ਵੀ ਉਡਾਣ ਆਪਰੇਟ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਤਰ੍ਹਾਂ ਆਉਣ ਵਾਲੇ 1-2 ਮਹੀਨਿਆਂ 'ਚ 2 ਹੋਰ ਅੰਤਰਰਾਸ਼ਟਰੀ ਉਡਾਣਾਂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਰੇਟ ਹੋਣਗੀਆਂ। ਇਸਦੇ ਨਾਲ ਹੀ ਮੌਜੂਦਾ ਰਨਵੇ ਦੀ ਲੰਬਾਈ ਵੀ ਘੱਟ ਹੈ। ਇਸ ਤਰ੍ਹਾਂ ਏਅਰਲਾਈਨਜ਼ ਕੰਪਨੀ ਵਲੋਂ ਵੱਡੀਆਂ ਉਡਾਣਾਂ ਆਪਰੇਟ ਕਰਨ 'ਚ ਵੀ ਪ੍ਰੇਸ਼ਾਨੀ ਹੋ ਰਹੀ ਹੈ।
ਅਥਾਰਟੀ ਵਲੋਂ 35 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ
ਵਿਭਾਗ ਵਲੋਂ ਲਗਭਗ 35 ਕਰੋੜ ਰੁਪਏ ਦਾ ਬਜਟ ਪਹਿਲਾਂ ਹੀ ਪਾਸ ਕੀਤਾ ਗਿਆ ਸੀ। ਹਵਾਈ ਫੌਜ ਦੇ ਬਣੇ ਰਨਵੇ ਦੇ ਮੁਕਾਬਲੇ ਇਸ ਰਨਵੇ ਦੀ ਲੰਬਾਈ ਤੇ ਚੌੜਾਈ 'ਚ ਤਬਦੀਲੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਜੋ ਹਵਾਈ ਫੌਜ ਦਾ ਰਨਵੇ ਬਣਿਆ ਹੈ, ਉਸ ਤੋਂ ਇਕ ਰਨਵੇ ਲਗਭਗ 5-6 ਫੁੱਟ ਚੌੜਾ ਤੇ ਲੰਬਾ ਕੀਤਾ ਜਾਵੇਗਾ, ਜਿਸ ਨਾਲ ਕਿ ਅੰਤਰਰਾਸ਼ਟਰੀ ਉਡਾਣ ਲਈ ਕੋਈ ਪ੍ਰੇਸ਼ਾਨੀ ਨਾ ਆ ਸਕੇ। ਇਸਦੇ ਨਾਲ ਹੀ ਰਨਵੇ ਦੀ ਲੰਬਾਈ ਲਗਭਗ 9 ਹਜ਼ਾਰ ਫੁੱਟ ਹੈ ਤੇ ਉਸ ਨੂੰ 40 ਫੁਟ ਜ਼ਿਆਦਾ ਲੰਬਾ ਕੀਤਾ ਜਾਵੇਗਾ, ਜਦੋਂਕਿ ਚੌੜਾਈ 'ਚ ਵੀ 3-4 ਫੁੱਟ ਚੌੜਾ ਕੀਤਾ ਜਾਵੇਗਾ।
ਤਿੰਨ ਸਾਲਾਂ ਅੰਦਰ ਪੂਰਾ ਹੋਵੇਗਾ ਕੰਮ
ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਪਹਿਲਾਂ ਹਵਾਈ ਫੌਜ ਦੇ ਰਨਵੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨਵੇਂ ਰਨਵੇ ਨੂੰ ਤਿਆਰ ਹੋਣ ਲਈ ਲਗਭਗ 3 ਸਾਲਾਂ ਦਾ ਸਮਾਂ ਲੱਗੇਗਾ ਪਰ ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਹੀ ਏਅਰਪੋਰਟ ਦਾ ਰਨਵੇ ਤਿਆਰ ਹੋਣ 'ਚ ਸਮਾਂ ਲੱਗੇਗਾ ਪਰ ਇਸ ਤੋਂ ਪਹਿਲਾਂ ਪੁਰਾਣੇ ਰਨਵੇ ਨੂੰ ਹੀ ਬਿਹਤਰ ਕਰਕੇ ਅੰਤਰਰਾਸ਼ਟਰੀ ਉਡਾਣ ਆਪਰੇਟ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਅਜੇ ਸਿਰਫ਼ ਅੰਤਰਰਾਸ਼ਟਰੀ ਉਡਾਣ ਲਈ ਸਿਰਫ਼ ਦੋ-ਤਿੰਨ ਕੰਪਨੀਆਂ ਨੇ ਹੀ ਅਰਜ਼ੀਆਂ ਦਿੱਤੀਆਂ ਹਨ, ਜਿਸ ਕਾਰਨ 3 ਸਾਲਾਂ ਅੰਦਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇ ਤਿਆਰ ਕੀਤਾ ਜਾ ਸਕਦਾ ਹੈ।
ਅਜੇ ਤਕ ਸਾਰੀਆਂ ਘਰੇਲੂ ਉਡਾਣਾਂ ਹਵਾਈ ਫੌਜ ਦੇ ਰਨਵੇ ਤੋਂ ਹੁੰਦੀਆਂ ਸਨ ਆਪਰੇਟ
ਹਵਾਈ ਫੌਜ ਦੇ ਰਨਵੇ 'ਤੇ ਲਗਾਤਾਰ ਉਡਾਣਾਂ ਦੀ ਆਵਾਜਾਈ ਵਧ ਰਹੀ ਹੈ, ਜਿਸ ਕਾਰਨ ਆਏ ਦਿਨ ਇਸਦਾ ਬੇਸ ਖਰਾਬ ਹੋ ਰਿਹਾ ਸੀ। ਇਸ ਕਾਰਨ ਦਿੱਲੀ 'ਚ ਰੱਖਿਆ ਮੰਤਰਾਲਾ ਤੇ ਸ਼ਹਿਰੀ ਹਵਾਬਾਜ਼ੀ ਦੀ ਬੈਠਕ ਕੀਤੀ ਗਈ, ਜਿਸ 'ਚ ਇਹ ਫੈਸਲਾ ਲਿਆ ਗਿਆ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਵੱਖਰਾ ਰਨਵੇ ਤਿਆਰ ਕੀਤਾ ਜਾਵੇ।  ਜਾਣਕਾਰੀ ਅਨੁਸਾਰ ਸ਼ੁਰੂ 'ਚ ਹਵਾਈ ਫੌਜ ਦੇ ਰਨਵੇ ਤੋਂ ਪਹਿਲਾਂ 15 ਉਡਾਣਾਂ ਆਪਰੇਟ ਹੁੰਦੀਆਂ ਸਨ, ਜੋ ਵਧ ਕੇ ਘਰੇਲੂ ਉਡਾਣਾਂ 32 ਦੇ ਨੇੜੇ ਪਹੁੰਚ ਗਈਆਂ ਹਨ। ਜਦੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣਗੀਆਂ ਤਾਂ ਰੋਜ਼ਾਨਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ 35 ਉਡਾਣਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।