ਪੁਲਸ ਵਲੋਂ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੌਕ ਡਰਿੱਲ

11/09/2018 10:24:21 AM

ਚੰਡੀਗੜ੍ਹ (ਨਿਆਮੀਆਂ)-ਪੁਲਸ ਤੇ ਸੁਰੱਖਿਆ ਜਵਾਨ ਸਾਡੇ ਲਈ ਕਿੰਨਾ ਕੁਝ ਕਰਦੇ ਹਨ ਤੇ ਆਪਣੀਆਂ ਖੁਸ਼ੀਆਂ ਦੀ ਪ੍ਰਵਾਹ ਕੀਤੇ ਬਿਨਾਂ ਸਾਡੀ ਸੁਰੱਖਿਆ ਨੂੰ ਪਹਿਲ ਦਿੰਦੇ ਹਨ, ਇਸ ਦੀ ਉਦਾਹਰਣ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪੂਰਾ ਦੇਸ਼ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਆਪਣੇ ਬੱਚਿਆਂ ਤੇ ਪਰਿਵਾਰ ਤੋਂ ਦੂਰ ਪੁਲਸ ਦੇ ਜਵਾਨ ਸਥਾਨਕ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਵਾਈ ਜਹਾਜ਼ਾਂ ਦੇ ਹਾਈਜੈਕ ਹੋਣ ਸਬੰਧੀ ਮੌਕ ਡਰਿੱਲ ਕਰ ਰਹੇ ਸਨ। ਇਹ ਮੌਕ ਡਰਿੱਲ ਪੰਜਾਬ ਪੁਲਸ ਸੀ. ਆਈ. ਐੱਸ. ਐੱਫ. ਬੰਬ ਨਿਰੋਧਕ ਦਸਤੇ ਤੇ ਇੰਟੈਲੀਜੈਂਸ ਬਿਊਰੋ ਦੇ ਜਵਾਨਾਂ ਨੇ ਇਕੱਠੇ ਮਿਲ ਕੇ ਕੀਤੀ। ਮੌਕ ਡਰਿੱਲ ਸਵੇਰੇ ਸਾਢੇ 11 ਵਜੇ ਸ਼ੁਰੂ ਹੋਈ ਤੇ ਸਾਢੇ 12 ਵਜੇ ਤਕ ਜਾਰੀ ਰਹੀ। ਇਕ ਜਹਾਜ਼ ਨੂੰ ਕੁੱਝ ਵਿਅਕਤੀਆਂ ਵਲੋਂ ਹਾਈਜੈਕ ਕਰਨ ਦੀ ਕੋਸ਼ਿਸ਼ ਵਿਖਾਈ ਗਈ ਤੇ ਪੁਲਸ ਜਵਾਨਾਂ ਨੇ ਉਸ ਨੂੰ ਅਸਫਲ ਬਣਾ ਦਿੱਤਾ। ਏਅਰਪੋਰਟ ਦੇ ਥਾਣਾ ਇੰਚਾਰਜ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੰਜਾਬ ਪੁਲਸ ਦੇ 10 ਜਵਾਨ, ਬੰਬ ਨਿਰੋਧਕ ਦਸਤੇ ਦੇ ਚਾਰ ਜਵਾਨ, ਸੀ. ਆਈ. ਐੱਸ. ਐੱਫ. ਦੇ ਤਿੰਨ ਜਵਾਨ, ਇੰਟੈਲੀਜੈਂਸ ਬਿਊਰੋ ਦਾ ਇਕ ਜਵਾਨ ਤੇ ਏਅਰਪੋਰਟ ਅਥਾਰਟੀ ਦੇ ਚਾਰ ਜਵਾਨ ਇਸ ਵਿਚ ਸ਼ਾਮਲ ਹੋਏ ਤੇ ਸਾਰਿਅਾਂ ਨੇ ਬਾਖੂਬੀ ਆਪਣਾ-ਆਪਣਾ ਰੋਲ ਅਦਾ ਕੀਤਾ। ਇਸ ਮੌਕੇ ਸੀ. ਆਈ. ਐੱਸ. ਐੱਫ. ਦੇ ਕਮਾਂਡੈਂਟ ਸੁਨੀਤ ਸ਼ਰਮਾ, ਇੰਸਪੈਕਟਰ ਹਰਸਿਮਰਨ ਸਿੰਘ ਬੱਲ, ਇੰਸਪੈਕਟਰ ਉਮੇਸ਼ ਰਾਣਾ, ਇੰਸਪੈਕਟਰ ਅਨੁਜ ਕੁਮਾਰ ਤੇ ਮਹਿਬੂਬ ਖਾਨ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।