ਮੋਦੀ ਨੂੰ ਲੋਕ ਮੁੜ ਦੇਸ਼ ਦੀ ਵਾਗਡੋਰ ਸੌਂਪਣ ਲਈ ਉਤਾਵਲੇ : ਗੁਰੂ

04/20/2019 4:34:55 AM

ਚੰਡੀਗੜ੍ਹ (ਜਟਾਣਾ)-ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਦੇਸ਼ ਅੰਦਰ ਰਾਸ਼ਟਰੀ ਸੁਰੱਖਿਆ ਸਬੰਧੀ ਜੇਕਰ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਸਾਬਤ ਹੋਏ ਹਨ, ਜਿਨ੍ਹਾਂ ਨੂੰ ਲੋਕ ਮੁੜ ਦੇਸ਼ ਦੀ ਵਾਗਡੋਰ ਸੌਂਪਣ ਲਈ ਉਤਾਵਲੇ ਹਨ ਕਿਉਂਕਿ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਆਪਣੇ ਮੁਲਕ ਦੇ ਜਵਾਨਾਂ ਦੀ ਕੁਰਬਾਨੀ ਦੇਸ਼ ਦੇ ਲੇਖੇ ਲਾਉਣ ਲਈ ਸਰਜੀਕਲ ਸਟ੍ਰਾਈਕ ਕਰਵਾਈ। ਗੁਰੂ ਨੇ ਵਿਕਾਸ ਦੇ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਵੱਡੇ-ਵੱਡੇ ਫਲਾਈਓਵਰ, ਸੜਕਾਂ ਤੇ ਪਿੰਡਾਂ ’ਚ ਗਲੀਆਂ-ਨਾਲੀਆਂ ਤੋਂ ਇਲਾਵਾ ਵੱਡੇ ਪੱਧਰ ’ਤੇ ਵਿਕਾਸ ਕੀਤਾ, ਜਿਸ ਕਰ ਕੇ ਇਸ ਗੱਠਜੋੜ ਨੂੰ ਪੰਜਾਬ ਦੇ ਲੋਕਾਂ ਨੇ 10 ਸਾਲ ਸੂਬੇ ’ਚ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਉਹ 15 ਸਾਲਾਂ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨਾਲ ਤੇ 5 ਸਾਲਾਂ ਤੋਂ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੂਬੇ ਦੇ ਲੋਕਾਂ ਨਾਲ ਜੋ ਧੋਖੇ ਕੀਤੇ ਹਨ, ਉਨ੍ਹਾਂ ਦਾ ਜਵਾਬ ਲੋਕ ਹੁਣ ਵੋਟਾਂ ਵੇਲੇ ਜ਼ਰੂਰ ਮੰਗਣਗੇ।