ਸੜਕ ’ਤੇ ਗੇਟ ਲਾ ਕੇ ਰਸਤਾ ਰੋਕਣ ਦਾ ਮਾਮਲਾ ਭਖਿਆ, ਲੋਕਾਂ ਵਲੋਂ ਵਿਰੋਧ

04/18/2019 4:18:54 AM

ਚੰਡੀਗੜ੍ਹ (ਨਿਆਮੀਆਂ)-ਮੋਹਾਲੀ ਦੇ ਫੇਜ਼-3ਬੀ2 ਵਿਖੇ ਕਨਾਲ ਵਾਲੀਆਂ ਕੋਠੀਆਂ ਦੇ ਤਿੰਨੇ ਪਾਸੇ ਸਡ਼ਕਾਂ ’ਤੇ ਵੱਡੇ ਗੇਟ ਲਾ ਕੇ ਇਸ ਇਲਾਕੇ ਨੂੰ ਬਾਕੀ ਦੇ ਫੇਜ਼ ਨਾਲੋਂ ਵੱਖਰਾ ਵੀ. ਆਈ. ਪੀ. ਬਣਾ ਲੈਣ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਥੇ ਮੁੱਖ ਸਡ਼ਕਾਂ ’ਤੇ ਹੀ ਵੱਡੇ ਗੇਟ ਲਗਾ ਦਿੱਤੇ ਗਏ ਹਨ, ਜਿਸ ਦਾ ਇਥੋਂ ਦੇ ਵਸਨੀਕਾਂ ਨੇ ਡਟ ਕੇ ਵਿਰੋਧ ਕੀਤਾ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਮਕਾਨਾਂ ਵਿਚ ਹੀ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਦਾ ਵੀ ਮਕਾਨ ਹੈ, ਜਿਸ ਕਰ ਕੇ ਲੋਕਾਂ ਦਾ ਦੋਸ਼ ਹੈ ਕਿ ਸ਼ਾਇਦ ਨਗਰ ਨਿਗਮ ਵਲੋਂ ਹੀ ਇਹ ਰਸਤੇ ਰੋਕਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਚੋਣ ਜ਼ਾਬਤੇ ਦੇ ਦੌਰਾਨ ਵੀ 30 ਮਾਰਚ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੇ ਕੰਧ ਬਣਾਉਣ ਸਬੰਧੀ ਹੁਕਮ ਜਾਰੀ ਕੀਤਾ ਹੋਇਆ ਹੈ। ਕਾਨੂੰਨ ਅਨੁਸਾਰ ਜਦੋਂ ਚੋਣ ਜ਼ਾਬਤਾ ਲੱਗਿਆ ਹੋਵੇ ਤਾਂ ਕੋਈ ਵੀ ਵਿਕਾਸ ਕੰਮ ਕਰਵਾਉਣ ਲਈ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ ਪਰ ਇਸ ਮਾਮਲੇ ਵਿਚ ਇਹ ਪਤਾ ਨਹੀਂ ਲਗ ਸਕਿਆ ਕਿ ਕਮਿਸ਼ਨਰ ਨੇ ਅਜਿਹਾ ਪੱਤਰ ਜਾਰੀ ਕਰਨ ਤੋਂ ਪਹਿਲਾਂ ਚੋਣ ਕਮਿਸ਼ਨ ਤੋਂ ਇਜਾਜ਼ਤ ਲਈ ਹੈ ਜਾਂ ਨਹੀਂ। ਨਿਗਮ ਦੇ ਕਮਿਸ਼ਨਰ ਨੇ ਇਹ ਪੱਤਰ ਐੱਸ. ਈ. ਨੂੰ ਲਿਖਿਆ ਹੈ, ਜਿਸ ਵਿਚ ਕੰਧ ਬਣਾਉਣ ਲਈ ਕਿਹਾ ਗਿਆ ਹੈ। ਚੋਰੀ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਗੇਟ ਲਵਾਇਆ ਜਾ ਰਿਹੈ : ਪ੍ਰਧਾਨ ਕਨਾਲ ਦੇ ਮਕਾਨਾਂ ਦੀ ਬਣਾਈ ਗਈ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਰਦੀਪ ਸਿੰਘ ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਐਸੋਸੀਏਸ਼ਨ ਦਾ ਨਿੱਜੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਚੋਰੀ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਐਸੋਸੀਏਸ਼ਨ ਆਪਣੇ ਤੌਰ ’ਤੇ ਗੇਟ ਲਗਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਕਾਇਦਾ ਨਗਰ ਨਿਗਮ ਤੋਂ ਮਨਜ਼ੂਰੀ ਲਈ ਗਈ ਹੈ। ਸਡ਼ਕ ਦੇ ਵਿਚ ਗੇਟ ਲਾ ਕੇ ਰਸਤਾ ਬੰਦ ਨਹੀਂ ਕੀਤਾ ਜਾ ਸਕਦਾ : ਢੀਂਡਸਾਦੂਜੇ ਪਾਸੇ ਇਥੋਂ ਦੇ ਵਸਨੀਕ ਵਰਿੰਦਰਪਾਲ ਸਿੰਘ ਢੀਂਡਸਾ ਨੇ ਨਗਰ ਨਿਗਮ ਵਲੋਂ ਜਾਰੀ ਪੱਤਰ ਦਿਖਾਉਂਦਿਆਂ ਕਿਹਾ ਕਿ ਇਹ ਜੋ ਮਨਜ਼ੂਰੀ ਮਿਲੀ ਹੋਈ ਹੈ, ਇਹ ਮੁੱਖ ਸਡ਼ਕ ਤੋਂ ਆਉਂਦੇ ਰਸਤੇ ’ਤੇ ਕੰਧ ਬਣਾਉਣ ਸਬੰਧੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਸੋਸੀਏਸ਼ਨ ਨੂੰ ਆਪਣਾ ਇਤਰਾਜ਼ ਦਰਜ ਕਰਵਾਇਆ ਸੀ ਕਿ ਇਸ ਤਰ੍ਹਾਂ ਸਡ਼ਕ ਦੇ ਵਿਚ ਗੇਟ ਲਾ ਕੇ ਰਸਤਾ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਕਿਸੇ ਨੂੰ ਐਮਰਜੈਂਸੀ ਵਿਚ ਕਿਤੇ ਆਉਣਾ-ਜਾਣਾ ਪੈ ਜਾਵੇ ਤਾਂ ਮੁਸ਼ਕਲ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਜ਼ਬਰਦਸਤੀ ਇਹ ਗੇਟ ਲਾ ਦਿੱਤੇ ਹਨ, ਜਿਸ ਬਾਰੇ ਵਸਨੀਕਾਂ ਦੇ ਇਤਰਾਜ਼ ਵੀ ਨਹੀਂ ਸੁਣੇ ਗਏ। ਉਨ੍ਹਾਂ ਕਿਹਾ ਕਿ ਉਹ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੂੰ ਵੀ ਮਿਲੇ ਸਨ, ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਨਿਗਮ ਨੇ ਕਿਸੇ ਨੂੰ ਵੀ ਗੇਟ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ, ਇਸ ਲਈ ਇਹ ਗੇਟ ਨਹੀਂ ਲੱਗਣਗੇ ਪਰ ਅੱਜ ਛੁੱਟੀ ਵਾਲੇ ਦਿਨ ਇਹ ਗੇਟ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ। ਮਾਮਲੇ ਬਾਰੇ ਅਜੇ ਕੁਝ ਨਹੀਂ ਕਹਿ ਸਕਦਾ : ਨਿਗਮ ਕਮਿਸ਼ਨਰ ਜਦੋਂ ਇਸ ਮਾਮਲੇ ਸਬੰਧੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਜਾਬ ਤੋਂ ਬਾਹਰ ਚੋਣਾਂ ਲਈ ਡਿਊਟੀ ਲੱਗੀ ਹੋਈ ਹੈ। ਇਸ ਲਈ ਉਹ ਇਸ ਮਾਮਲੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਹੁਣ ਇਹ ਚੋਣ ਕਮਿਸ਼ਨਰ ਨੇ ਦੇਖਣਾ ਹੈ ਕਿ ਅਜਿਹਾ ਕਰਨਾ ਚੋਣ ਜ਼ਾਬਤੇ ਦੀ ਉਲੰਘਣਾ ਹੈ ਜਾਂ ਨਹੀਂ।

Related News