ਪੰਜਾਬ ਵਿਧਾਨ ਸਭਾ ’ਚ ਅੱਜ ਆ ਸਕਦਾ ਹੈ ਸਿਆਸੀ ਤੂਫਾਨ

02/20/2020 11:35:17 AM

ਚੰਡੀਗੜ੍ਹ, ਜਲੰਧਰ (ਨਰਿੰਦਰ ਮੋਹਨ) – ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਦੇ ਪਹਿਲੇ ਦਿਨ ਵੀਰਵਾਰ ਨੂੰ ਸਿਆਸੀ ਤੂਫਾਨ ਉਠ ਖੜ੍ਹਾ ਹੋਣ ਦੀ ਸੰਭਾਵਨਾ ਹੈ। ਬੇਹੱਦ ਭਰੋਸੇਯੋਗ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਬਿਜ਼ਨੈਸ ਐਡਵਾਈਜ਼ਰੀ ਕਮੇਟੀ ਦੀ ਹੋਈ ਬੈਠਕ ਵਿਚ ਸੈਸ਼ਨ ਦੇ ਪਹਿਲੇ ਦਿਨ ਦੇ ਪ੍ਰੋਗਰਾਮਾਂ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਬਦੀਲੀਆਂ ਮੁਤਾਬਕ ਹੋਰਨਾਂ ਕੰਮਾਂ ਦੇ ਨਾਲ-ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਕਮੇਟੀ ਦੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣੀਆਂ ਹਨ। ਇਨ੍ਹਾਂ ਵਿਚੋਂ ਇਕ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿਰੁੱਧ ਹੈ। ਹੋਰ ਰਿਪੋਰਟਾਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਵਿਰੁੱਧ ਪੇਸ਼ ਕੀਤੀਆਂ ਜਾਣੀਆਂ ਹਨ।

ਸੂਤਰਾਂ ਮੁਤਾਬਕ ਗੋਬਿੰਦ ਸਿੰਘ ਲੌਂਗੋਵਾਲ ਵਿਰੁੱਧ ਵਿਸ਼ੇਸ਼ ਅਧਿਕਾਰ ਹਨਨ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਜਾਏਗੀ, ਉਸ ਵਿਚ ਦੋਸ਼ ਹੈ ਕਿ ਲੌਂਗੋਵਾਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦੀ ਨਿੰਦਾ ਉਸ ਸਮੇਂ ਕੀਤੀ ਸੀ ਜਦੋਂ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿਚ ਚਰਚਾ ਲਈ ਪੇਸ਼ ਹੋਇਆ ਸੀ। ਸਿਮਰਜੀਤ ਸਿੰਘ ਬੈਂਸ ਵਿਰੁੱਧ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ਿਕਾਇਤ ’ਤੇ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਾਮਲਾ ਕਮੇਟੀ ਸਾਹਮਣੇ ਆਇਆ ਸੀ।  ਇਸ ਵਿਚ ਦੋਸ਼ ਸੀ ਕਿ ਬੈਂਸ ਨੇ ਨਾ ਸਿਰਫ ਹਾਊਸ ਵਿਚ ਹੰਗਾਮਾ ਕੀਤਾ ਸਗੋਂ ਹਾਊਸ ਵਿਚ ਰੱਖੇ ਗਏ ਦਸਤਾਵੇਜ਼ਾਂ ਨੂੰ ਮਿਜ਼ਾਈਲ ਬਣਾ ਕੇ ਸਪੀਕਰ ਵਲ ਸੁੱਟਿਆ। ਸੁਖਪਾਲ ਖਹਿਰਾ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਰੇਤ ਮਾਫੀਆ ਨੂੰ ਲੈ ਕੇ ਕਾਂਗਰਸ ਦੇ ਵਿਧਾਇਕਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਉਨ੍ਹਾਂ ਵਾਰ-ਵਾਰ ਕਈ ਦੋਸ਼ ਲਾਏ ਸਨ।

ਦੱਸਣਯੋਗ ਹੈ ਕਿ ਖਹਿਰਾ ਨੇ 29 ਨਵੰਬਰ 2018 ਨੂੰ ਇਹ ਦੋਸ਼ ਲਾਇਆ ਸੀ ਕਿ ਕਾਂਗਰਸ ਦਾ ਹਰ ਵਿਧਾਇਕ ਗੈਰ-ਕਾਨੂੰਨੀ ਮਾਈਨਿੰਗ ਦੇ ਧੰਦੇ ਵਿਚ ਸ਼ਾਮਲ ਹੈ। ਪਵਨ ਕੁਮਾਰ ਟੀਨੂੰ ਵਿਰੁੱਧ ਵੀ ਹਾਊਸ ਦੀ ਕਾਰਵਾਈ ਦੌਰਾਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਬੋਲ ਬੁਲਾਰਾ ਹੋਣ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਦਿਲਚਸਪ ਗੱਲ ਇਹ ਹੈ ਕਿ ਅਜਿਹੇ ਸਮੇਂ ਵਿਚ ਜਦੋਂ ਵਿਧਾਨ ਸਭਾ ਵਿਚ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਘੇਰਨ ਦੀ ਤਿਆਰੀ ਵਿਚ ਹਨ, ਵਿਸ਼ੇਸ਼ ਅਧਿਕਾਰ ਪ੍ਰਾਪਤ ਕਮੇਟੀ ਦੀ ਰਿਪੋਰਟ ਪੇਸ਼ ਹੋਣ ਨਾਲ ਇਹ ਪਾਰਟੀਆਂ ਬੈਕਫੁੱਟ ’ਤੇ ਆ ਜਾਣਗੀਆਂ।

rajwinder kaur

This news is Content Editor rajwinder kaur