''ਪਾਣੀ ਬਚਾਓ, ਪੈਸੇ ਕਮਾਓ ਯੋਜਨਾ'' 250 ਫੀਡਰਾਂ ''ਚ ਹੋਵੇਗੀ ਲਾਗੂ

06/27/2019 9:57:44 AM

ਚੰਡੀਗੜ੍ਹ/ਪਟਿਆਲਾ (ਪਰਮੀਤ) - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ 'ਪਾਣੀ ਬਚਾਓ, ਪੈਸੇ ਕਮਾਓ' ਯੋਜਨਾ ਨੂੰ ਰਾਜ ਦੇ 250 ਫੀਡਰਾਂ 'ਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਕ ਵਰ੍ਹਾ ਪਹਿਲਾਂ ਇਹ ਯੋਜਨਾ ਸਿਰਫ 6 ਫੀਡਰਾਂ ਵਿਚ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਲਾਗੂ ਕੀਤੀ ਗਈ ਸੀ। ਜਿਹੜੇ 6 ਫੀਡਰਾਂ 'ਚ ਇਹ ਲਾਗੂ ਕੀਤੀ ਗਈ ਸੀ, ਉਨ੍ਹਾਂ 'ਚ ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਹੁਸ਼ਿਆਰਪੁਰ ਦੇ 6 ਫੀਡਰ ਸ਼ਾਮਲ ਸਨ। ਹੁਣ ਜਿਹੜੇ 250 ਫੀਡਰਾਂ ਇਸ ਯੋਜਨਾ ਅਧੀਨ ਲਿਆਂਦੇ ਜਾ ਰਹੇ ਹਨ, ਉਨ੍ਹਾਂ 'ਚ ਫਤਿਹਗੜ੍ਹ ਸਾਹਿਬ ਦੇ 28, ਬਠਿੰਡਾ ਦੇ 12, ਫਿਰੋਜ਼ਪੁਰ ਦੇ 13, ਹੁਸ਼ਿਆਰਪੁਰ ਦੇ 4, ਜਲੰਧਰ ਦੇ 41, ਕਪੂਰਥਲਾ ਦੇ 15, ਲੁਧਿਆਣਾ ਦੇ 21, ਮੋਗਾ ਦੇ 52, ਪਟਿਆਲਾ ਦੇ 25, ਰੂਪਨਗਰ ਦੇ 15 ਅਤੇ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ 24 ਫੀਡਰ ਸ਼ਾਮਲ ਹਨ।

ਕੀ ਹੈ ਯੋਜਨਾ?
ਯੋਜਨਾ ਤਹਿਤ ਸਵੈ-ਇੱਛਾ ਨਾਲ ਸਹਿਮਤੀ ਦੇਣ ਵਾਲੇ ਕਿਸਾਨ ਦੀ ਮੋਟਰ 'ਤੇ ਪਾਵਰਕਾਮ ਮੀਟਰ ਲਗਾਉਣਾ ਹੈ। ਇਸ ਕਿਸਾਨ ਨੂੰ ਹਰ ਮਹੀਨੇ ਵਰਤੀ ਜਾਣ ਵਾਲੀ ਤੈਅਸ਼ੁਦਾ ਯੂਨਿਟਾਂ ਦੀ ਗਿਣਤੀ ਦਿੱਤੀ ਜਾਵੇਗੀ। ਜਿਹੜੀਆਂ ਯੂਨਿਟਾਂ ਕਿਸਾਨ ਖਰਚ ਕਰਨ ਮਗਰੋਂ ਬੱਚਤ ਕਰੇਗਾ, ਉਸ 'ਤੇ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕਾਮ ਨਗਦ ਅਦਾਇਗੀ ਉਸ ਦੇ ਖਾਤੇ ਵਿਚ ਟਰਾਂਸਫਰ ਕਰੇਗਾ। ਪਹਿਲੇ ਪੜਾਅ ਵਿਚ 6 ਫੀਡਰਾਂ ਦੇ ਕੁੱਲ 940 ਕਿਸਾਨਾਂ ਵਿਚੋਂ 267 ਨੇ ਇਸ ਯੋਜਨਾ ਤਹਿਤ ਆਪਣੀ ਰਜਿਸਟਰੇਸ਼ਨ ਕਰਵਾਈ ਸੀ। ਮਗਰੋਂ ਇਹ ਗਿਣਤੀ ਵਧਦੀ ਗਈ। ਪਾਵਰਕਾਮ ਨੇ ਇਕ ਸਾਲ ਦੌਰਾਨ ਕਿਸਾਨਾਂ ਨੂੰ 18 ਲੱਖ ਰੁਪਏ ਤੋਂ ਵੱਧ ਦੀ ਸਬਸਿਡੀ ਦਿੱਤੀ ਹੈ।
ਜ਼ਮੀਨ ਹੇਠ ਘੱਟ ਪਾਣੀ ਵਾਲੇ ਜ਼ਿਲਿਆਂ ਨੂੰ ਤਰਜੀਹ
ਇਸ ਯੋਜਨਾ ਦਾ ਦਾਇਰਾ ਵਧਾਉਣ ਵਾਸਤੇ ਪੰਜਾਬ ਸਕਰਾਰ ਨੇ ਸਹਿਮਤੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ ਉਨ੍ਹਾਂ ਜ਼ਿਲਿਆਂ ਦੇ ਫੀਡਰ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ ਜ਼ਮੀਨ ਹੇਠ ਪਾਣੀ ਬਹੁਤ ਘੱਟ ਹੈ। ਯੋਜਨਾ ਤਹਿਤ ਜਿਥੇ ਪਾਵਰਕਾਮ ਬਿਜਲੀ ਬਚਾਉਣ ਵਿਚ ਕਾਮਯਾਬ ਰਿਹਾ ਹੈ (ਯਾਦ ਰਹੇ ਕਿ 4 ਰੁਪਏ ਦੀ ਅਦਾਇਗੀ ਮਗਰੋਂ ਵੀ ਪਾਵਰਕਾਮ ਨੂੰ ਪ੍ਰਤੀ ਯੂਨਿਟ 1.13 ਪੈਸੇ ਦੀ ਬੱਚਤ ਹੁੰਦੀ ਹੈ), ਉਥੇ ਹੀ ਪਾਣੀ ਬਚਾਉਣ ਵਿਚ ਵੀ ਇਸ ਨੂੰ ਵੱਡੀ ਸਫਲਤਾ ਮਿਲੀ ਹੈ।
ਖੇਤੀਬਾੜੀ ਲਈ ਲੱਗੇਗਾ ਵੱਖਰਾ ਮੁਖੀ
ਪਾਵਰਕਾਮ ਨੇ ਫੈਸਲਾ ਕੀਤਾ ਹੈ ਕਿ ਇਸ ਸਕੀਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਸਤੇ ਸਕੀਮ ਤਹਿਤ ਖੇਤੀਬਾੜੀ ਖੇਤਰ ਵਾਸਤੇ ਵੱਖਰਾ ਮੁਖੀ ਲਾਇਆ ਜਾਵੇਗਾ। ਇਸ ਵਾਸਤੇ ਵਿੱਤ ਵਿਭਾਗ ਤੋਂ ਹਾਲੇ ਮਨਜ਼ੂਰੀ ਮਿਲਣੀ ਬਾਕੀ ਹੈ। ਤਜਵੀਜ਼ ਅਨੁਸਾਰ ਯੋਜਨਾ ਦਾ ਦਾਇਰਾ ਵਧਾਉਣ 'ਤੇ ਨਵੇਂ ਮੀਟਰ ਖਰੀਦਣ 'ਤੇ 40 ਕਰੋੜ ਰੁਪਏ ਖਰਚ ਹੋਣਗੇ। ਇਸ ਯੋਜਨਾ ਤਹਿਤ ਓ. ਐਂਡ ਐੱਮ. ਖਰਚੇ 4 ਕਰੋੜ ਰੁਪਏ ਸਾਲਾਨਾ ਹੋਣਗੇ।
ਬੱਚਤ ਸਾਡੀ ਜ਼ਿੰਮੇਵਾਰੀ : ਇੰਜੀ. ਸਰਾਂ
ਪਾਵਰਕਾਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ, ਜਿਨ੍ਹਾਂ ਨੇ ਖੁਦ ਇਹ ਯੋਜਨਾ ਤਿਆਰ ਕੀਤੀ ਹੈ, ਨੇ ਸਕੀਮ ਦੀ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਸੂਬੇ ਵਿਚ ਉਪਲਬਧ ਕੁਦਰਤੀ ਸਰੋਤਾਂ ਦੀ ਬੱਚਤ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਸੰਕਟ ਇਸ ਵੇਲੇ ਸਭ ਤੋਂ ਗੰਭੀਰ ਹੈ। ਇਸ ਦੀ ਬੱਚਤ ਵਾਸਤੇ ਜੋ ਉਪਰਾਲੇ ਲੋੜੀਂਦੇ ਹੋਣਗੇ, ਕੀਤੇ ਜਾਣਗੇ। ਸਕੀਮ ਤਹਿਤ ਜਿਥੇ ਬਿਜਲੀ ਅਤੇ ਪਾਣੀ ਬਚ ਰਿਹਾ ਹੈ, ਉਥੇ ਹੀ ਕਿਸਾਨ ਨੂੰ ਬੱਚਤ 'ਤੇ ਆਮਦਨ ਵੀ ਹੋਣ ਲੱਗੀ ਹੈ।

rajwinder kaur

This news is Content Editor rajwinder kaur