''ਬਿਜਲੀ'' ਅੰਦੋਲਨ ''ਚ ਇੱਕ ਲੱਖ ਵਾਲੰਟੀਅਰ ਝੋਕੇਗੀ ''ਆਪ''

02/10/2019 9:26:05 AM

ਚੰਡੀਗੜ੍ਹ (ਸ਼ਰਮਾ) : ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਪਿੰਡ ਅਤੇ ਸ਼ਹਿਰ ਪੱਧਰ 'ਤੇ ਕਮੇਟੀਆਂ ਬਣਾ ਕੇ ਆਮ ਲੋਕਾਂ ਤੱਕ ਪਹੁੰਚ ਕਰੇਗੀ। 'ਆਪ' ਵਲੋਂ ਜਾਰੀ ਬਿਆਨ 'ਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੈ।  ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਸੁਣਨ ਲਈ ਪਾਰਟੀ ਦੇ ਇੱਕ ਲੱਖ ਵਾਲੰਟੀਅਰ ਜ਼ਮੀਨੀ ਪੱਧਰ 'ਤੇ ਕੰਮ ਕਰਨਗੇ। 

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਦੇ 'ਬਿਜਲੀ' ਅੰਦੋਲਨ ਵਿਚ ਕੰਮ ਕਰ ਚੁੱਕੇ ਮਾਹਿਰ ਟਰੇਨਿੰਗ ਦੇ ਕੇ ਪੰਜਾਬ 'ਚ 5000 ਵਾਲੰਟੀਅਰਾਂ ਨੂੰ ਮਾਸਟਰ ਟ੍ਰੇਨਰ ਬਣਾਉਣਗੇ। ਇਸ ਅੰਦੋਲਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪੰਜਾਬ 'ਆਪ' ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਤੋਂ ਕੀਤੀ ਅਤੇ ਸ਼ਨੀਵਾਰ ਨੂੰ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਲੁਧਿਆਣਾ ਖੇਤਰ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਦੀਆਂ ਮੁਸ਼ਕਲਾਂ ਸੁਣੀਆਂ।  ਚੀਮਾ ਨੇ ਕਿਹਾ ਕਿ 'ਆਪ' ਦੇ ਵਾਲੰਟੀਅਰ ਆਮ  ਖਪਤਕਾਰਾਂ ਨੂੰ ਮਿਲ ਕੇ ਦੱਸਣਗੇ ਕਿ ਕਿਸ ਤਰ੍ਹਾਂ ਸਰਕਾਰ ਵਾਧੂ ਟੈਕਸ ਲਗਾ ਕੇ ਉਨ੍ਹਾਂ ਤੋਂ ਵੱਧ ਮੁੱਲ ਵਸੂਲ ਰਹੀ ਹੈ।  ਇਸ ਮੰਤਵ ਲਈ ਦਿੱਲੀ ਅਤੇ ਪੰਜਾਬ ਵਿਚ ਬਿਜਲੀ ਦਰਾਂ ਦੇ ਅੰਤਰ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ।

Baljeet Kaur

This news is Content Editor Baljeet Kaur