ਜ਼ਿਮਨੀ ਚੋਣਾਂ : ਪੈਰਾ-ਮਿਲਟਰੀ ਫੋਰਸ ਦੀਆਂ 17 ਕੰਪਨੀਆਂ ਦੀ ਹੋਵੇਗੀ ਤਾਇਨਾਤੀ : ਕਰੁਣਾ ਰਾਜੂ

10/10/2019 9:26:17 AM

ਚੰਡੀਗੜ੍ਹ (ਭੁੱਲਰ) : ਪੰਜਾਬ 'ਚ 4 ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਨਿਰਪੱਖ ਅਤੇ ਭੈਅ ਮੁਕਤ ਕਰਵਾਉਣ ਲਈ ਪੰਜਾਬ ਪੁਲਸ ਤੋਂ ਇਲਾਵਾ ਪੈਰਾ–ਮਿਲਟਰੀ ਫੋਰਸ ਦੀਆਂ 17 ਕੰਪਨੀਆਂ ਦੀ ਤਾਇਨਾਤੀ ਹੋਵੇਗੀ। ਬੁੱਧਵਾਰ ਸ਼ਾਮ ਇਥੇ ਵਿਸ਼ੇਸ਼ ਗੱਲਬਾਤ ਦੌਰਾਨ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮੰਗ ਦੇ ਹਿਸਾਬ ਨਾਲ 12 ਕੰਪਨੀਆਂ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਜਦਕਿ ਪੰਜ ਹੋਰ ਕੰਪਨੀਆਂ ਦੀ ਅਲਾਟਮੈਂਟ ਦਾ ਪੱਤਰ ਅੱਜ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱÎਸਿਆ ਕਿ ਪੈਰਾ–ਮਿਲਟਰੀ ਫੋਰਸ ਦੀਆਂ 10 ਕੰਪਨੀਆਂ ਸੂਬੇ 'ਚ ਪਹਿਲਾਂ ਹੀ ਮੌਜੂਦ ਹਨ, ਜਦਕਿ ਦੋ ਕੰਪਨੀਆਂ ਬੀਤੇ ਦਿਨੀਂ ਪਹੁੰਚੀਆਂ ਹਨ। ਪੰਜ ਕੰਪਨੀਆਂ ਵੀ ਛੇਤੀ ਹੀ ਪਹੁੰਚ ਜਾਣਗੀਆਂ।

ਰਾਜੂ ਨੇ ਕਿਹਾ ਕਿ ਜ਼ਿਮਨੀ ਚੋਣਾਂ 'ਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਚਾਰ ਹਲਕਿਆਂ 'ਚੋਂ ਜਲਾਲਾਬਾਦ ਅਤੇ ਦਾਖਾ ਸੁਰੱਖਿਆ ਪੱਖੋਂ ਜ਼ਿਆਦਾ ਸੰਵੇਦਨਸ਼ੀਲ ਹਨ, ਜਿਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੈਰਾ–ਮਿਲਟਰੀ ਦੀਆਂ ਜ਼ਿਆਦਾ ਕੰਪਨੀਆਂ ਇਨ੍ਹਾਂ ਦੋ ਹਲਕਿਆਂ 'ਚ ਤਾਇਨਾਤ ਹੋਣਗੀਆਂ, ਜਦਕਿ ਬਾਕੀ ਦੋ ਹਲਕਿਆਂ 'ਚ ਵੀ ਲੋੜ ਮੁਤਾਬਕ ਸੰਵੇਦਨਸ਼ੀਲ ਬੂਥਾਂ 'ਤੇ ਪੈਰਾ–ਮਿਲਟਰੀ ਤਾਇਨਾਤ ਕੀਤੀ ਜਾਵੇਗੀ। ਦਾਖਾ ਹਲਕੇ ਬਾਰੇ ਜ਼ਿਲਾ ਲੁਧਿਆਣਾ ਤੇ ਜਲਾਲਾਬਾਦ ਬਾਰੇ ਫਾਜ਼ਿਲਕਾ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਵਲੋਂ ਖੇਤਰ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੈਰਾ–ਮਿਲਟਰੀ ਫੋਰਸ ਦੀ ਮੰਗ ਕੀਤੀ ਗਈ ਹੈ।

ਇਹ ਹਲਕੇ ਇਸ ਲਈ ਵੀ ਸੁਰੱਖਿਆ ਪੱਖੋਂ ਜ਼ਿਆਦਾ ਸੰਵੇਦਨਸ਼ੀਲ ਹਨ, ਕਿਉਂਕਿ ਜਲਾਲਾਬਾਦ ਵਿਖੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੀ ਚੋਣ ਮੁਹਿੰਮ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਰਾਜਾ ਵੜਿੰਗ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਸਾਧੂ ਸਿੰਘ ਧਰਮਸੌਤ ਵਰਗੇ ਪ੍ਰਮੁੱਖ ਕਾਂਗਰਸੀ ਆਗੂ ਸ਼ਾਮਲ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਵੀ ਮੁਹਿੰਮ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਪਾਰਟੀ ਦੀ ਪ੍ਰਮੁੱਖ ਲੀਡਰਸ਼ਿਪ 'ਚ ਸ਼ਾਮਲ ਹੋਣ ਕਾਰਣ ਸੁਰੱਖਿਆ ਪੱਖੋਂ ਵਧੇਰੇ ਚੌਕਸੀ ਰੱਖੀ ਜਾ ਰਹੀ ਹੈ। ਇਸੇ ਤਰ੍ਹਾਂ ਦਾਖਾ ਹਲਕੇ ਨੂੰ ਵੀ ਉਥੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈ. ਸੰਦੀਪ ਸੰਧੂ ਦੇ ਕਾਂਗਰਸ ਦਾ ਉਮੀਦਵਾਰ ਹੋਣ ਅਤੇ ਉਸ ਦੇ ਮੁਕਾਬਲੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਦੀ ਚੋਣ ਮੁਹਿੰਮ 'ਚ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਤੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀ ਚੋਣ ਮੁਹਿੰਮ 'ਚ ਬਿਕਰਮ ਸਿੰਘ ਮਜੀਠੀਆ ਵਰਗੇ ਆਗੂਆਂ ਦੀ ਸਰਗਰਮੀ ਕਾਰਣ ਸੁਰੱਖਿਆ ਪੱਖੋਂ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵਲੋਂ ਵੀ ਪੈਰਾ–ਮਿਲਟਰੀ ਫੋਰਸ ਦੀ ਮੰਗ ਕੀਤੀ ਜਾ ਰਹੀ ਸੀ।

ਏ. ਆਈ. ਜੀ. ਖੱਟੜਾ ਦੇ ਮਾਮਲੇ 'ਚ ਰਿਪੋਰਟ ਤਲਬ :
ਇਸੇ ਦੌਰਾਨ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਦੱਸਿਆ ਕਿ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦਾ ਦਾਖਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਾਲ ਰਿਸ਼ਤੇਦਾਰੀ ਹੋਣ ਅਤੇ ਉਸ ਦੇ ਹੱਕ 'ਚ ਪੁਲਸ ਦਾ ਇਸਤੇਮਾਲ ਵੋਟਰਾਂ ਨੂੰ ਭਰਮਾਉਣ ਦੀ ਲੋਕ ਇਨਸਾਫ਼ ਪਾਰਟੀ ਵਲੋਂ ਕੀਤੀ ਗਈ ਸ਼ਿਕਾਇਤ ਦੇ ਮਾਮਲੇ 'ਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਏ.ਡੀ.ਜੀ.ਪੀ. ਚੋਣਾਂ ਆਰ.ਐਨ. ਢੋਕੇ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਇਸੇ ਤਰ੍ਹਾਂ ਜਗਰਾਓਂ ਦੇ ਐੱਸ.ਡੀ.ਐੱਮ. ਅਤੇ ਦਾਖਾ ਦੇ ਐੱਸ.ਐੱਚ.ਓ. ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਬਾਰੇ ਪਹਿਲਾਂ ਹੀ ਜ਼ਿਲਾ ਚੋਣ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਜਾ ਚੁੱਕੀ ਹੈ। ਇਹ ਰਿਪੋਰਟਾਂ 10 ਅਕਤੂਬਰ ਤੱਕ ਮਿਲ ਜਾਣਗੀਆਂ, ਜਿਨ੍ਹਾਂ ਨੂੰ ਅਗਲੀ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਭੇਜਿਆ ਜਾਵੇਗਾ।

cherry

This news is Content Editor cherry