ਬਲਬੀਰ ਸਿੱਧੂ ਵਲੋਂ ਐਂਬੂਲੈਂਸ ਸੁਵਿਧਾ ''ਚ ਕੋਤਾਹੀ ਲਈ 2 ਅਧਿਕਾਰੀ ਸਸਪੈਂਡ

09/27/2019 11:53:17 AM

ਚੰਡੀਗੜ੍ਹ(ਸ਼ਰਮਾ) : ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਆਡੀਓ ਕਲਿੱਪਾਂ, ਜਿਸ 'ਚ ਐਮਰਜੈਂਸੀ ਕਾਲ 'ਤੇ ਐਂਬੂਲੈਂਸ ਦੀ ਸੁਵਿਧਾ ਪ੍ਰਦਾਨ ਕਰਨ 'ਚ ਕਰਮਚਾਰੀਆਂ ਦੀ ਕੋਤਾਹੀ ਸਾਹਮਣੇ ਆਈ ਹੈ, ਦਾ ਸਖ਼ਤ ਨੋਟਿਸ ਲੈਂਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਵਲੋਂ 2 ਐਮਰਜੈਂਸੀ ਰਿਸਪਾਂਸ ਅਧਿਕਾਰੀਆਂ ਤੇ ਇਕ ਕਲੱਸਟਰ ਲੀਡਰ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਕਿ ਕਿਸੇ ਵਿਅਕਤੀ ਨੇ ਦੁਰਘਟਨਾ 'ਚ ਜ਼ਖ਼ਮੀ ਮਰੀਜ਼ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਰੈਫਰ ਕਰਨ ਲਈ 108 ਨੰਬਰ 'ਤੇ ਕਾਲ ਕਰਕੇ ਐਂਬੂਲੈਂਸ ਪ੍ਰਦਾਨ ਕਰਨ ਲਈ ਕਿਹਾ ਸੀ ਪਰ ਹਸਪਤਾਲ ਨੂੰ ਐਂਬੂਲੈਂਸ ਪ੍ਰਦਾਨ ਕਰਨ ਦੀ ਬਜਾਏ ਐਮਰਜੈਂਸੀ ਰਿਸਪਾਂਸ ਅਧਿਕਾਰੀਆਂ (ਈ. ਆਰ. ਓ.) ਨੇ ਕਾਲ ਕਰਨ ਵਾਲੇ ਵਿਅਕਤੀ ਅਤੇ ਹਸਪਤਾਲ ਦੇ ਸਟਾਫ਼ ਨੂੰ ਵਾਰ-ਵਾਰ ਆਈ. ਪੀ. ਆਰ. ਅਤੇ ਰੈਫਰ ਨੰਬਰ ਦੱਸਣ ਲਈ ਕਿਹਾ ਅਤੇ ਰੈਫਰ ਨੰਬਰ ਦੱਸਣ ਦੇ ਬਾਵਜੂਦ ਵੀ ਹਸਪਤਾਲ ਵਿਖੇ ਐਂਬੂਲੈਂਸ ਭੇਜਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ 'ਚ ਡਾਇਲ 108 ਐਂਬੂਲੈਂਸ ਦੇ ਹੈੱਡਕੁਆਰਟਰ 'ਚ ਤਾਇਨਾਤ 2 ਈ. ਆਰ. ਓਜ਼ ਤੇ ਇਕ ਕਲੱਸਟਰ ਲੀਡਰ ਨੂੰ ਤੁਰੰਤ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਕਾਰਵਾਈ ਅਧੀਨ ਹੈ।

ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਵੀ ਪ੍ਰੋਟੋਕਾਲ ਵਿਚ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਵਿਚ ਐਮਰਜੈਂਸੀ ਮਾਮਲਿਆਂ ਜਿਵੇਂ ਸੜਕ ਹਾਦਸਿਆਂ, ਨਵਜਾਤ ਸ਼ਿਸ਼ੂ ਦੀ ਸੰਭਾਲ ਸਬੰਧੀ ਐਮਰਜੈਂਸੀ, ਮਾਤਰਤਵ ਸਬੰਧੀ ਐਮਰਜੈਂਸੀ ਆਦਿ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਭਰ ਦੇ ਨਾਗਰਿਕਾਂ ਨੂੰ ਐਮਰਜੈਂਸੀ ਰਿਸਪਾਂਸ ਸੇਵਾਵਾਂ ਮੁਫ਼ਤ ਮੁਹੱਈਆ ਕਰਵਾ ਰਹੀ ਹੈ।

cherry

This news is Content Editor cherry