ਵਿਦੇਸ਼ਾਂ ''ਚ ਫਸੀਆਂ ਪੰਜਾਬ ਦੀਆਂ ਧੀਆਂ ਦਾ ਮਾਮਲਾ ''ਆਪ'' ਨੇ ਵਿਦੇਸ਼ ਮੰਤਰਾਲਾ ਕੋਲ ਉਠਾਇਆ

06/15/2019 9:11:22 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਆਸਟਰੇਲੀਆ ਅਤੇ ਕੁਵੈਤ 'ਚ ਸੰਕਟ ਦਾ ਸਾਹਮਣਾ ਕਰ ਰਹੀਆਂ ਪੰਜਾਬ ਦੀਆਂ 2 ਧੀਆਂ ਦੀ ਵਤਨ ਵਾਪਸੀ ਲਈ ਕੇਂਦਰੀ ਵਿਦੇਸ਼ ਮੰਤਰਾਲਾ ਕੋਲ ਪਹੁੰਚ ਕੀਤੀ ਹੈ। 'ਆਪ' ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਅਤੇ ਐੱਨ.ਆਰ.ਆਈ. ਵਿੰਗ ਦੇ ਸੂਬਾ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ ਦਿੱਲੀ 'ਚ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਧਾਰੀਵਾਲ (ਗੁਰਦਾਸਪੁਰ) ਦੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਫਸੀ ਮਹਿਲਾ ਅਤੇ ਆਸਟਰੇਲੀਆ 'ਚ ਸੰਕਟ ਦਾ ਸਾਹਮਣਾ ਕਰ ਰਹੀ ਮਾਲਵੇ ਦੀ ਇਕ ਹੋਰ ਲੜਕੀ ਦੀ ਵਤਨ ਵਾਪਸੀ ਲਈ ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਦੇ ਅਧੀਨ ਸਕੱਤਰ ਡਾ. ਜੀ. ਡੀ. ਪਾਂਡੇ ਸਮੇਤ ਹੋਰ ਅਧਿਕਾਰੀਆਂ ਨੂੰ ਮਿਲੇ।

ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸਾਡੇ ਸੂਬੇ ਅਤੇ ਦੇਸ਼ ਦੀਆਂ ਸਰਕਾਰਾਂ ਦੀਆਂ ਗ਼ਲਤ ਅਤੇ ਮਾਰੂ ਨੀਤੀਆਂ ਕਾਰਨ ਅੱਜ ਰੋਜ਼ੀ ਰੋਟੀ ਲਈ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਇਸ ਖ਼ਤਰਨਾਕ ਅਤੇ ਚਿੰਤਾਜਨਕ ਰੁਝਾਨ ਲਈ ਹੁਣ ਤੱਕ ਸੱਤਾ 'ਤੇ ਕਾਬਜ਼ ਚੱਲਦੀਆਂ ਆ ਰਹੀਆਂ ਸਰਕਾਰਾਂ ਜ਼ਿੰਮੇਵਾਰ ਹਨ, ਜੋ ਘਰ-ਘਰ ਨੌਕਰੀ ਜਾਂ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਚੋਣ ਵਾਅਦੇ ਕਰਦੀਆਂ ਹਨ ਪਰ ਜਿੱਤਣ ਤੋਂ ਬਾਅਦ ਅਜਿਹੇ ਵਾਅਦੇ ਅਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਇਨ੍ਹਾਂ ਸਰਕਾਰਾਂ ਦੇ ਏਜੰਡੇ 'ਤੇ ਹੀ ਨਹੀਂ ਰਹਿੰਦੀ। ਦੋਵੇਂ 'ਆਪ' ਵਿਧਾਇਕਾਂ ਨੇ ਕਿਹਾ ਕਿ ਸਰਕਾਰਾਂ ਦੀ ਬੇਰੁਖ਼ੀ ਅਤੇ ਢਿੱਲੀ ਪਹੁੰਚ ਕਾਰਨ ਅੱਜ ਹਰ ਸ਼ਹਿਰ 'ਚ ਫ਼ਰਜ਼ੀ ਟ੍ਰੈਵਲ ਏਜੰਟਾਂ ਦੇ ਗੈਂਗ ਚੱਲ ਰਹੇ ਹਨ, ਜੋ ਭੋਲੇ-ਭਾਲੇ ਜ਼ਰੂਰਤਮੰਦ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਗ਼ਲਤ ਵੀਜ਼ਿਆਂ 'ਤੇ ਵਿਦੇਸ਼ ਭੇਜ ਰਹੇ ਹਨ ਪਰ ਉੱਥੇ ਪਹੁੰਚ ਕੇ ਸਾਡੇ ਲੜਕੇ ਅਤੇ ਲੜਕੀਆਂ ਭਾਰੀ ਮੁਸੀਬਤਾਂ 'ਚ ਫਸ ਜਾਂਦੇ ਹਨ।

cherry

This news is Content Editor cherry