ਮੁੜ ਬਦਲੇਗਾ ਮੌਸਮ ਦਾ ਮਿਜਾਜ਼ : ਅੱਜ ਤੇ ਕੱਲ੍ਹ ਹਲਕੀ ਬਰਸਾਤ ਦੀ ਸੰਭਾਵਨਾ

02/28/2023 12:28:52 AM

ਜਲੰਧਰ (ਸੁਰਿੰਦਰ) : ਇਕ ਹਫ਼ਤੇ ਤੋਂ ਲਗਾਤਾਰ ਪੈ ਰਹੀ ਗਰਮੀ ਕਾਰਨ ਦਿਨ ਦਾ ਤਾਪਮਾਨ 28 ਤੋਂ 30 ਡਿਗਰੀ ਅਤੇ ਰਾਤ ਸਮੇਂ 14 ਡਿਗਰੀ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ ਪਰ ਇਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 28 ਫਰਵਰੀ ਨੂੰ ਹਲਕੀ ਅਤੇ 1 ਮਾਰਚ ਨੂੰ ਜ਼ਿਲ੍ਹੇ ਦੇ ਕੁਝ ਹਿੱਸਿਆਂ ’ਚ ਭਾਰੀ ਬਰਸਾਤ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ 2012 ਵਿਚ ਫਰਵਰੀ ਮਹੀਨਾ ਬਿਲਕੁਲ ਹੀ ਸੁੱਕਾ ਰਿਹਾ ਸੀ। ਇਸ ਵਾਰ 2023 ਵਿਚ ਵੀ ਸੁੱਕਾ ਰਹਿਣ ਦੀ ਸੰਭਾਵਨਾ ਹੈ ਅਤੇ ਮਾਰਚ ਮਹੀਨੇ ਦੀ ਸ਼ੁਰੂਆਤ ਬਰਸਾਤ ਨਾਲ ਹੋਵੇਗੀ।

ਇਹ ਵੀ ਪੜ੍ਹੋ : ਗਲੀ ’ਚ ਖੜ੍ਹੇ ਵਾਹਨਾਂ ਨੂੰ ਲੈ ਕੇ ਹੋਇਆ ਝਗੜਾ, ਸਿਰ ’ਚ ਬੋਤਲਾਂ ਮਾਰ ਕੇ ਨੌਜਵਾਨ ਦਾ ਕਤਲ

ਹਰ ਸਾਲ ਘੱਟ ਹੋ ਰਹੀ ਬਰਸਾਤ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ, ਜਿਸ ਦਾ ਅਸਰ ਫਸਲਾਂ ’ਤੇ ਦੇਖਣ ਨੂੰ ਮਿਲ ਸਕਦਾ ਹੈ। ਇਸ ਲਈ ਖੇਤੀਬਾੜੀ ਮਾਹਿਰ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਫਸਲਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ, ਜਿਹੜੀਆਂ ਘੱਟ ਪਾਣੀ ਨਾਲ ਜਲਦੀ ਤਿਆਰ ਹੋ ਜਾਂਦੀਆਂ ਹਨ।

ਕਣਕ ਦੀ ਫ਼ਸਲ ਲਈ ਬਰਸਾਤ ਹੋਣੀ ਜ਼ਰੂਰੀ

ਕਣਕ ਦੀ ਫ਼ਸਲ ਲਈ ਪਾਣੀ ਦੀ ਲੋੜ ਜ਼ਿਆਦਾ ਹੁੰਦੀ ਹੈ। ਜੇਕਰ ਬਰਸਾਤ ਨਹੀਂ ਹੁੰਦੀ ਤਾਂ ਜ਼ਮੀਨ ਹੇਠਲੇ ਪਾਣੀ ਨਾਲ ਫਸਲ ਦੀ ਸਿੰਚਾਈ ਕੀਤੀ ਜਾਵੇਗੀ। ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮੌਸਮ ਵਿਚ ਬਰਸਾਤ ਹੋਣੀ ਬਹੁਤ ਜ਼ਰੂਰੀ ਹੈ। ਫਰਵਰੀ 2011 ’ਚ 32 ਐੱਮ. ਐੱਮ., 2012 ਵਿਚ ਹੋਈ ਨਹੀਂ, 2013 ਵਿਚ 70.8 ਐੱਮ. ਐੱਮ., 2014 ’ਚ 28.3 ਐੱਮ. ਐੱਮ., 2015 ’ਚ 58.73 ਐੱਮ. ਐੱਮ., 2016 ’ਚ 7.7 ਐੱਮ. ਐੱਮ., 2017 ਵਿਚ 5.3 ਐੱਮ. ਐੱਮ., 2018 ਵਿਚ 8.0 ਐੱਮ. ਐੱਮ., 2019 ਵਿਚ 80.7 ਐੱਮ. ਐੱਮ., 2020 ਵਿਚ 5.4 ਐੱਮ. ਐੱਮ., 2021 ਵਿਚ 4.0 ਐੱਮ. ਐੱਮ. ਅਤੇ 2022 ਵਿਚ 3.2 ਐੱਮ. ਐੱਮ. ਬਰਸਾਤ ਹੋਈ। ਇਨ੍ਹਾਂ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਹਰ ਸਾਲ ਬਰਸਾਤ ਘੱਟ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਵਧ ਰਿਹਾ ਪ੍ਰਦੂਸ਼ਣ, ਜਨਸੰਖਿਆ ਅਤੇ ਵੱਢੇ ਜਾ ਰਹੇ ਦਰੱਖਤ ਹਨ। ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਸਾਨੂੰ ਇਨ੍ਹਾਂ ਚੀਜ਼ਾਂ ਨੂੰ ਹਰ ਹਾਲਤ ਵਿਚ ਠੀਕ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਪੁੱਤ ਬਣਿਆ ਕਪੁੱਤ, ਕਹੀ ਮਾਰ ਕੇ ਕੀਤਾ ਮਾਂ ਦਾ ਕਤਲ, ਜਾਣੋ ਪੂਰਾ ਮਾਮਲਾ

Mandeep Singh

This news is Content Editor Mandeep Singh