ਕੌਮੀ ਪਸ਼ੂਧਨ ਚੈਂਪੀਅਨਸ਼ਿਪ ''ਚ ਹਰਿਆਣਾ ਦੇ ਦੇਸੀ ਬਲਦਾਂ ਨੇ ਕਰਾਈ ਬੱਲੇ-ਬੱਲੇ

12/04/2016 2:44:10 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2016 ਵਿਚ ਹਰਿਆਣਾ ਤੋਂ ਆਏ ਨਗੌਰੀ ਬਲਦ ਮੇਲੇ ਵਿਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਖਾਸ ਦਿਲਚਸਪੀ ਦਾ ਕੇਂਦਰ ਰਹੇ। ਪੁਰਾਣੇ ਸਮੇਂ ਵਿਚ ਖੇਤੀ ਲਈ ਦੇਸੀ ਬਲਦ ਕਿਸਾਨਾਂ ਦੀ ਪਹਿਲੀ ਪਸੰਦ ਹੁੰਦੇ ਸਨ, ਜਦੋਂ ਰੋਹਤਕ ਤੋਂ ਆਏ ਕਿਸਾਨ ਵਜਿੰਦਰਾ ਸਿੰਘ ਮੇਲੇ ਵਿਚ ਪਹੁੰਚੇ ਤਾਂ ਇਸ ਰਾਸ਼ਟਰੀ ਮੇਲੇ ਵਿਚ ਆਪਣੀ ਵਿਸ਼ੇਸ਼ ਜਗ੍ਹਾ ਬਣਾ ਗਏ ਅਤੇ ਪਸ਼ੂ ਪਾਲਕਾਂ ਦੀ ਖਿੱਚ ਦਾ ਕੇਂਦਰ ਬਣੇ।
ਦੇਸੀ ਬਲਦਾਂ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਕ ਵਜਿੰਦਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 15 ਕਿੱਲੇ ਜ਼ਮੀਨ ਹੈ। ਉਹ ਖੇਤਾਂ ਦੀ ਵਹਾਈ ਤਾਂ ਟਰੈਕਟਰ ਨਾਲ ਕਰਦੇ ਹਨ ਜਦ ਕਿ ਫਸਲ ਦੀ ਬਿਜਾਈ ਉਹ ਆਪਣੇ ਦੋ ਦੇਸੀ ਬਲਦਾਂ ਨਾਲ ਕਰਦੇ ਹਨ। ਜਿਸ ਨਾਲ ਖੇਤੀ ''ਤੇ ਹੋਣ ਵਾਲੇ ਖਰਚ ਦੀ ਕਾਫੀ ਬਚਤ ਹੋ ਜਾਂਦੀ ਹੈ, ਨਾਲ ਹੀ ਉਨ੍ਹਾਂ ਦਾ ਜੱਦੀ ਸ਼ੌਂਕ ਵੀ ਪੂਰਾ ਹੋ ਜਾਂਦਾ ਹੈ । ਉਨ੍ਹਾਂ ਬਲਦਾਂ ਦੀ ਖੁਰਾਕ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਬਲਦਾਂ ਦੀ ਖੁਰਾਕ ਬਹੁਤ ਘੱਟ ਤੇ ਸਾਧਾਰਣ ਹੈ ਅਤੇ ਇਨ੍ਹਾਂ ਨੂੰ ਬਿਮਾਰੀ ਵੀ ਬਹੁਤ ਘੱਟ ਲਗਦੀ ਹੈ।
ਵਜਿੰਦਰ ਨੇ ਦੱਸਿਆ ਕਿ ਹੁਣ ਦੇਸੀ ਬਲਦ ਬਹੁਤ ਘੱਟ ਗਿਣਤੀ ਵਿਚ ਪਾਲੇ ਜਾਂਦੇ ਹਨ ਜਿਸ ਕਾਰਣ ਆਪਣੇ ਇਲਾਕੇ ਵਿਚ ਸਿਰਫ ਉਨ੍ਹਾਂ ਵਲੋਂ ਹੀ ਇਹ ਨਸਲ ਪਾਲੀ ਜਾ ਰਹੀ ਹੈ ਜਦ ਕਿ ਇਸ ਦੇਸੀ ਨਸਲ ਦੀਆਂ ਵਿਸ਼ੇਸ਼ਤਾਵਾਂ ਸਦਕਾ ਕਿਸਾਨ ਅਤੇ ਪਸ਼ੂ ਪਾਲਕ ਇਨ੍ਹਾਂ ਨਸਲਾਂ ਨੂੰ ਪਾਲ ਕੇ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹਨ। ਜੇਕਰ ਕਿਸਾਨ ਬਲਦਾਂ ਦੇ ਨਾਲ ਦੇਸੀ ਗਾਵਾਂ ਵੀ ਪਾਲਦੇ ਹਨ ਤਾਂ ਇਹ ਗਾਵਾਂ ਰੋਜ਼ਾਨਾ 15 ਕਿਲੋ ਤੱਕ ਦੁੱਧ ਦੇ ਦਿੰਦੀਆਂ ਹਨ।
ਪਸ਼ੂਧਨ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਨੇ ਇਨ੍ਹਾਂ ਕਿਸਾਨਾਂ ਦੀ ਹੌਂਸਲਾ ਵਧਾਉਂਦਿਆਂ ਵਿਸ਼ੇਸ਼ ਇਨਾਮ ਦਾ ਐਲਾਨ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਸ਼ੌਂਕੀਂ ਪਸ਼ੂ ਪਾਲਕ ਵੱਧ ਤੋਂ ਵੱਧ ਇਨ੍ਹਾਂ ਚੈਂਪੀਅਨਸ਼ਿਪਾਂ ਵਿਚ ਪਹੁੰਚਣ ਅਤੇ ਇਸ ਨਾਲ ਦੇਸੀ ਨਸਲਾਂ ਵੀ ਸੁਰੱਖਿਅਤ ਹੋ ਸਕਣ।

Gurminder Singh

This news is Content Editor Gurminder Singh