ਸੁਲਤਾਨਪੁਰ ਲੋਧੀ ਦਾ ਵਧਿਆ ਮਾਣ, ਇਕੋ ਦਿਨ 'ਚ ਬਣੇ 2 ਜੱਜ

10/20/2022 5:04:07 PM

ਸੁਲਤਾਨਪੁਰ ਲੋਧੀ (ਧੀਰ)-ਸਮਾਜ ਵਿਚ ਰਹਿੰਦਿਆਂ ਅਕਸਰ ਤੁਸੀਂ ਵੇਖਦੇ ਹੋ ਕਿ ਧੀਆਂ ਨੂੰ ਕੁੱਖ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਸਿਰਫ਼ ਇਸ ਧਾਰਨਾ ਤਹਿਤ ਕਿ ਧੀਆਂ ਮਾਪਿਆਂ ਲਈ ਇਕ ਬੋਝ ਤੋਂ ਵਧ ਕੇ ਹੋਰ ਕੁਝ ਨਹੀਂ ਹੁੰਦੀਆਂ ਪਰ ਅਜਿਹੀਆਂ ਧਾਰਨਾਵਾਂ ਨੂੰ ਗਲਤ ਸਾਬਿਤ ਕਰ ਵਿਖਾਇਆ ਉਸ ਧੀ ਨੇ ਜਿਸ ਉੱਪਰ ਸਦਾ ਉਸ ਦੇ ਮਾਪਿਆਂ ਨੂੰ ਮਾਣ ਰਿਹਾ ਅਤੇ ਅੱਜ ਉਨ੍ਹਾਂ ਮਾਪਿਆਂ ਦੇ ਮਾਣ ਨੂੰ ਹੋਰ ਦੁੱਗਣਾ ਕਰਦੇ ਹੋਏ ਅੱਜ ਉਹ ਧੀ ਸਖ਼ਤ ਮਿਹਨਤ ਤੋਂ ਬਾਅਦ ਭਾਰਤ ਦੀ ਨਿਆਂਪਾਲਿਕਾ ਦੇ ਉਸ ਸਿਸਟਮ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦੀ ਉਮੀਦ ਉਹ ਹਰ ਮਾਂ ਬਾਪ ਕਰਦਾ ਹੈ, ਜੋ ਆਪਣੇ ਬੱਚਿਆਂ ਦੀ ਵਡਮੁੱਲੀ ਪ੍ਰਾਪਤੀ ਦੇ ਲਈ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ। ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਚਾਹਤ ਧੀਰ ਪੁੱਤਰੀ ਕਮਲ ਕਿਸ਼ੋਰ ਧੀਰ ਅਤੇ ਅਕਸ਼ੇ ਅਰੋੜਾ ਪੁੱਤਰ ਸਤਪਾਲ ਅਰੋੜਾ, ਜਿਨ੍ਹਾਂ ਨੇ ਅੱਜ ਗੁਰੂ ਨਗਰੀ ਦੇ ਲੋਕਾਂ 'ਤੇ ਆਪਣੇ ਮਾਪਿਆਂ ਦਾ ਮਾਣ ਵਧਾਉਂਦੇ ਹੋਏ ਜੱਜ ਬਣਨ ਦੀ ਉਪਲੱਬਧੀ ਹਾਸਲ ਕੀਤੀ ਹੈ। ‘ਜਗ ਬਾਣੀ’ ਵੱਲੋਂ ਇਸ ਖ਼ਾਸ ਮੌਕੇ ਦੌਰਾਨ ਚਾਹਤ ਧੀਰ ਅਤੇ ਅਕਸ਼ੇ ਅਰੋੜਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਵਿਚਾਰ ਇਸ ਤਰ੍ਹਾਂ ਸਾਂਝੇ ਕੀਤੇ।

ਇਹ ਵੀ ਪੜ੍ਹੋ: ਫਗਵਾੜਾ: ਚਿੰਤਪੁਰਨੀ ਤੋਂ ਵਾਪਸ ਪਰਤਦਿਆਂ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ

ਕਾਨੂੰਨੀ ਪ੍ਰਕਿਰਿਆ 'ਚ ਕੁਝ ਖ਼ੀਮੀਆਂ ਨੂੰ ਦੂਰ ਕਰਨ ਦਾ ਕਰਾਂਗੀ ਯਤਨ: ਚਾਹਤ ਧੀਰ
ਚਾਹਤ ਧੀਰ ਨੇ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ’ਚ ਮਾਪਿਆਂ ਨੇ ਅਹਿਮ ਰੋਲ ਅਦਾ ਕੀਤਾ, ਜਿਸ ਨਾਲ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਹੀਂ ਹੋਈ। ਚਾਹਤ ਧੀਰ ਨੇ ਦੱਸਿਆ ਕਿ 10ਵੀਂ ਤੱਕ ਦੀ ਸਿੱਖਿਆ ਉਸ ਨੇ ਸੁਲਤਾਨਪੁਰ ਲੋਧੀ 'ਚ ਰਹਿ ਕੇ ਐੱਸ. ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਹੀ ਹਾਸਲ ਕੀਤੀ, ਜਿਸ ਤੋਂ ਨੀਂਹ ਮਜ਼ਬੂਤ ਬਣੀ। ਉਪਰੰਤ ਉਸ ਨੇ 12ਵੀਂ ਦੀ ਸਿੱਖਿਆ ਐੱਮ. ਜੀ. ਐੱਨ. ਕਪੂਰਥਲਾ ਤੋਂ ਪ੍ਰਾਪਤ ਕੀਤੀ। ਉਸ ਨੇ ਕਿਹਾ ਕਿ ਅੱਜਕਲ੍ਹ ਇਹ ਧਾਰਨਾ ਬਣੀ ਹੋਈ ਹੈ ਕਿ ਵੱਡੇ ਸ਼ਹਿਰਾਂ ਦੇ ਸਕੂਲ ਵਿਚ ਪੜ੍ਹੋ ਪਰ ਮੈਂ ਇਕ ਛੋਟੇ ਜਿਹੇ ਸ਼ਹਿਰ ਦੇ ਸਕੂਲ 'ਚ ਪੜ੍ਹਾਈ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਲਾਅ ਦੀ ਡਿਗਰੀ ਉਸ ਨੇ ਜੀ. ਐੱਨ. ਡੀ. ਯੂ. ਦੇ ਕੈਂਪਸ ਲੱਧੇਵਾਲੀ ਤੋਂ ਹਾਸਲ ਕੀਤੀ। 2017 ਵਿਚ ਯੂ. ਜੀ. ਸੀ. ਦੀ ਪ੍ਰੀਖਿਆ ਵੀ ਪਾਸ ਕੀਤੀ ਪਰ ਪੰਜਾਬ ਵਿਚ ਮੇਰਾ ਨੰਬਰ ਨਹੀਂ ਲੱਗ ਸਕਿਆ ਹੁਣ ਹਰਿਆਣਾ 'ਚ ਜਦੋਂ ਜੁਡੀਸ਼ੀਅਲ ਦੀਆਂ ਪੋਸਟਾਂ ਨਿਕਲੀਆਂ ਤਾਂ ਮੈਂ ਉੱਥੇ ਆਪਣੀ ਕਿਸਮਤ ਅਜ਼ਮਾਈ ਅਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਅੱਜ ਮੇਰੀ ਸਿਲੈਕਸ਼ਨ ਹੋਈ ਹੈ।
ਚਾਹਤ ਧੀਰ ਨੇ ਦੱਸਿਆ ਕਿ ਲਾਅ ਕਰਨ ਦਾ ਸ਼ੌਕ ਵੀ ਸੀ ਅਤੇ ਸੁਫ਼ਨਾ ਵੀ ਉਸ ਸੁਪਨੇ ਨੂੰ ਮੈਂ ਜਨੂੰਨ ਬਣਾਇਆ ਅਤੇ ਇਸ ਜਨੂੰਨ ਨੂੰ ਮੇਰੇ ਮਕਸਦ ਤਕ ਪਹੁੰਚਾਉਣ ਵਿਚ ਮੇਰੇ ਪਿਤਾ ਕਮਲ ਕਿਸ਼ੋਰ ਧੀਰ, ਮਾਤਾ ਵਿੰਮੀ ਧੀਰ, ਸੱਸ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ, ਪਤੀ ਗੁਰਸਿਮਰਨ ਨੇ ਮੈਨੂੰ ਬਹੁਤ ਸਪੋਰਟ ਕੀਤੀ ਅਤੇ ਮੇਰਾ ਆਤਮ ਵਿਸ਼ਵਾਸ ਵਧਾਇਆ। ਉਸ ਕਿਹਾ ਕਿ ਅਜੋਕੇ ਸਮੇਂ ਵਿਚ ਕਾਨੂੰਨੀ ਪ੍ਰਕਿਰਿਆ 'ਚ ਵੀ ਕੁਝ ਖਾਮੀਆਂ ਹਨ, ਜਿਸ ਨੂੰ ਉਹ ਆਪਣੀ ਮਿਹਨਤ ਅਤੇ ਈਮਾਨਦਾਰੀ ਨਾਲ ਦੂਰ ਕਰਨ ਦਾ ਯਤਨ ਕਰੇਗੀ।
ਚਾਹਤ ਧੀਰ ਦੀ ਇਸ ਉਪਲੱਬਧੀ ’ਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਰਾਕੇਸ਼ ਧੀਰ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਧੀਰ ਬਰਾਦਰੀ ਅਤੇ ਮੇਰੇ ਸਕੂਲ ਦੀ ਬੱਚੀ ਨੇ ਮੈਜਿਸਟ੍ਰੇਟ ਬਣ ਕੇ ਆਪਣਾ ਸਕੂਲ ਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਸਾਰੇ ਜ਼ਿਲ੍ਹਾ ਸਿਹਤ ਅਧਿਕਾਰੀ ਤੇ ਫੂਡ ਸੇਫ਼ਟੀ ਅਫ਼ਸਰ ਕੀਤੇ ਤਬਦੀਲ

ਗਲਤ ਕੁਰੀਤੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਦਿਵਾਇਆ ਜਾਵੇਗਾ ਇਨਸਾਫ਼ : ਅਕਸ਼ੇ ਅਰੋੜਾ
ਦੂਜੇ ਪਾਸੇ ਅਕਸ਼ੇ ਅਰੋੜਾ ਨੇ ਵੀ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਸਜਾਇਆ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੇ ਇਸ ਮੁਕਾਮ ਤਕ ਪਹੁੰਚਣ ਲਈ ਆਪਣੀ ਜੀ ਜਾਨ ਲਗਾਈ ਹੈ, ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਉਹ ਆਪਣੀ ਮੰਜ਼ਿਲ ਨੂੰ ਪਾਰ ਕਰ ਸਕੇ ਹਨ। ਚਾਹਤ ਅਤੇ ਅਕਸ਼ੇ ਨੇ ਭਾਰਤੀ ਕਾਨੂੰਨ ਪ੍ਰਣਾਲੀ ਉੱਪਰ ਗੱਲ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਨੇ ਕਿ ਜਿਸ ਈਮਾਨਦਾਰੀ ਨਾਲ ਉਹ ਇਸ ਮੁਕਾਮ ਤੱਕ ਪਹੁੰਚੇ ਹਨ, ਉਸੇ ਈਮਾਨਦਾਰੀ ਨਾਲ ਉਹ ਆਪਣੀਆਂ ਸੇਵਾਵਾਂ ਨਿਭਾਉਣਗੇ ਅਤੇ ਉਹ ਉਮੀਦ ਕਰਦੇ ਹਨ ਕਿ ਇਸ ਦੌਰਾਨ ਉਹ ਉਨ੍ਹਾਂ ਲੋਕਾਂ ਨੂੰ ਇਨਸਾਫ਼ ਦਿਵਾਉਣ 'ਚ ਮਦਦ ਕਰਨਗੇ, ਜੋ ਅੱਜ ਵੀ ਸਮਾਜ ਦੀਆਂ ਗਲਤ ਕੁਰੀਤੀਆਂ ਦਾ ਸ਼ਿਕਾਰ ਹੋਏ ਹਨ।

ਇਸ ਮੌਕੇ ਅਕਸ਼ੇ ਅਰੋੜਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਿਤਾ ਸਤਪਾਲ ਅਰੋੜਾ, ਡਿੰਪਲ ਅਰੋੜਾ, ਆਦਿ ਨੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਇਨ੍ਹਾਂ ਬੱਚਿਆਂ ’ਤੇ ਮਾਣ ਹੈ, ਜਿਨ੍ਹਾਂ ਦੂਜੇ ਸੂਬੇ ਵਿਚ ਵੀ ਪੰਜਾਬ ਦਾ ਨਾਂ ਰੌਸ਼ਨ ਕੀਤਾ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਹ ਖ਼ੁਦ ਨੂੰ ਬਹੁਤ ਭਾਗਾਂ ਵਾਲਾ ਸਮਝਦੇ ਨੇ ਕਿ ਸਾਡੇ ਬੱਚਿਆਂ ਨੇ ਉਨ੍ਹਾਂ ਦੇ ਘਰ ਜਨਮ ਲਿਆ ਤੇ ਸਮਾਜ ਵਿਚ ਉਨ੍ਹਾਂ ਦਾ ਸਿਰ ਉੱਚਾ ਕੀਤਾ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਲਿਆਂਦੇ ਪੈਸਿਆਂ ਦਾ ਸਰੋਤ ਵਿਜੀਲੈਂਸ ਲਈ ਬਣਿਆ ਬੁਝਾਰਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri