ਚੱਢਾ ਦੇ ਸ਼ਕਤੀ ਪ੍ਰਦਰਸ਼ਨ ਦਾ ਸੀ. ਕੇ. ਡੀ. ਦੇ ਸੀਨੀਅਰ ਮੈਂਬਰਾਂ ਨੇ ਲਿਆ ਸਖਤ ਨੋਟਿਸ

01/16/2018 6:48:54 AM

ਅੰਮ੍ਰਿਤਸਰ,  (ਮਮਤਾ)-  ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਵਲੋਂ ਬੀਤੇ ਦਿਨ ਸੈਂਟਰਲ ਯਤੀਮਖਾਨੇ 'ਚ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਦਾ ਸਖਤ ਨੋਟਿਸ ਲੈਂਦੇ ਹੋਏ ਚੀਫ ਖਾਲਸਾ ਦੀਵਾਨ ਦੇ ਸੀਨੀਅਰ ਮੈਂਬਰਾਂ ਨੇ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਚੱਢਾ ਨੂੰ ਲੰਗਾਹ ਵਾਂਗ ਤੁਰੰਤ ਪੰਥ 'ਚੋਂ ਕੱਢੋ।
ਇਸ ਸਬੰਧੀ ਅੱਜ ਚੀਫ ਖਾਲਸਾ ਦੀਵਾਨ ਦੇ ਸਾਬਕਾ ਮਾਣਯੋਗ ਸਕੱਤਰ ਭਾਗ ਸਿੰਘ ਅਣਖੀ ਦੀ ਰਿਹਾਇਸ਼ 'ਤੇ ਆਯੋਜਿਤ ਮੀਟਿੰਗ 'ਚ ਰਾਜ ਮਹਿੰਦਰ ਸਿੰਘ ਮਜੀਠਾ, ਸਵਿੰਦਰ ਸਿੰਘ ਕੱਥੂਨੰਗਲ, ਅਜਾਇਬ ਸਿੰਘ ਅਭਿਆਸੀ, ਨਿਰਮਲ ਸਿੰਘ ਸਮੇਤ ਸਮੂਹ ਅਹੁਦੇਦਾਰ ਸ਼ਾਮਲ ਹੋਏ। ਮੀਟਿੰਗ 'ਚ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਜਥੇਦਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਨੂੰ ਵਿਦਿਆਰਥੀਆਂ ਅਤੇ ਸਿੱਖ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ।
ਚੱਢਾ ਦੀ ਘਿਨੌਣੀ ਹਰਕਤ ਨਾ ਮੁਆਫ ਕਰਨ ਵਾਲਾ ਅਪਰਾਧ : ਅਣਖੀ
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਸਾਹਮਣੇ ਭਾਗ ਸਿੰਘ ਅਣਖੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਚੱਢਾ ਦੇ ਮਾਮਲੇ 'ਚ ਅਜੇ ਤਕ ਕੋਈ ਫੈਸਲਾ ਨਾ ਕੀਤੇ ਜਾਣ 'ਤੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਇਕ ਪ੍ਰਮੁੱਖ ਧਾਰਮਿਕ ਤੇ ਸਿੱਖਿਅਕ ਸੰਸਥਾ ਦੇ ਪ੍ਰਧਾਨ ਵਲੋਂ ਇੰਨੀ ਘਿਨੌਣੀ ਹਰਕਤ ਜਿਥੇ ਪੂਰੇ ਪੰਥ ਲਈ ਸ਼ਰਮਨਾਕ ਹੈ ਉਥੇ ਨਾ ਮੁਆਫ ਕਰਨ ਵਾਲਾ ਅਪਰਾਧ ਵੀ ਹੈ। ਅਜਿਹੇ 'ਚ ਅਕਾਲ ਤਖਤ ਦੇ ਜਥੇਦਾਰ ਨੂੰ ਬਿਨਾਂ ਪੁਲਸ ਜਾਂ ਸਰਕਾਰ ਦੇ ਫੈਸਲੇ ਦੀ ਉਡੀਕ ਕੀਤੇ ਪੰਥ ਦਾ ਮੁਖੀ ਹੋਣ ਦੇ ਨਾਤੇ ਇਸ ਸਬੰਧੀ ਤੁਰੰਤ ਫੈਸਲਾ ਲੈਣਾ ਚਾਹੀਦਾ ਸੀ। ਇਸ ਸਬੰਧੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਹਿਲਾਂ ਵੀ ਅਪੀਲ ਕਰ ਚੁੱਕੇ ਹਨ ਅਤੇ ਇਕ ਵਾਰ ਉਹ ਫਿਰ ਉਨ੍ਹਾਂ ਨੂੰ ਮਿਲ ਕੇ ਅਪੀਲ ਕਰਨਗੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਚੱਢਾ ਨੂੰ ਪੰਥ 'ਚੋਂ ਕੱਢਿਆ ਨਹੀਂ ਗਿਆ ਤਾਂ ਸਮੂਹ ਮੈਂਬਰ ਆਪਣੇ ਪੱਧਰ 'ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਸਿੱਖ ਸੰਗਤ ਨੂੰ ਇਕੱਠਾ ਕਰ ਕੇ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕਰਨਗੇ ਤੇ ਧਰਨੇ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਚੱਢਾ ਅਜੇ ਵੀ ਖੁਦ ਨੂੰ ਸੀ. ਕੇ. ਡੀ. ਦਾ ਪ੍ਰਧਾਨ ਮੰਨਦੇ ਹਨ। ਇਸੇ ਕਾਰਨ ਹੀ ਉਨ੍ਹਾਂ ਨੇ ਬੀਤੇ ਦਿਨੀਂ ਅਰਦਾਸ ਦੀ ਆੜ 'ਚ ਯਤੀਮਖਾਨਾ ਪਹੁੰਚ ਕੇ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਦੇ ਚਹੇਤੇ ਅਹੁਦੇਦਾਰ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮੀਟਿੰਗ 'ਚ ਚੱਢਾ ਵਲੋਂ ਖੁਦ ਨੂੰ ਕਿਵੇਂ ਪ੍ਰਧਾਨ ਅਹੁਦੇ 'ਤੇ ਰੱਖਣਾ ਹੈ, ਇਸ ਲਈ ਵਿਚਾਰ ਚਰਚਾ ਹੋਈ ਅਤੇ ਗੁਰਦੁਆਰੇ ਵਾਲੀ ਪਾਰਕ 'ਚ ਹੀ ਮੇਜ਼-ਕੁਰਸੀਆਂ ਲਾ ਕੇ ਪ੍ਰਾਈਵੇਟ ਮੀਟਿੰਗ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ। ਚੱਢਾ ਦਾ ਗੁਨਾਹ ਕੋਈ ਛੋਟਾ-ਮੋਟਾ ਅਪਰਾਧ ਨਹੀਂ ਹੈ ਅਤੇ ਨਾ ਹੀ ਇਹ ਬੱਚੇ ਜਾਂ ਨੌਜਵਾਨ ਵਲੋਂ ਕੀਤੀ ਗਈ ਗਲਤੀ ਹੈ। 
ਸਿੱਖ ਰਹਿਤ-ਮਰਿਆਦਾ ਦੀ ਘੋਰ ਉਲੰਘਣਾ : ਅਭਿਆਸੀ
ਅਜਾਇਬ ਸਿੰਘ ਅਭਿਆਸੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿੱਖ ਰਹਿਤ-ਮਰਿਆਦਾ ਅੰਮ੍ਰਿਤਧਾਰੀ ਸਿੱਖ 'ਤੇ ਲਾਗੂ ਹੁੰਦੀ ਹੈ। ਜੇਕਰ ਇਹ ਕਿਸੇ ਸਿੱਖ ਦਾ ਨਿੱਜੀ ਮਾਮਲਾ ਹੋਵੇ ਤਾਂ ਉਹ ਪੰਜ ਪਿਆਰਿਆਂ ਦੇ ਸਾਹਮਣੇ ਆਪਣੇ ਪੱਧਰ 'ਤੇ ਪੇਸ਼ ਹੋ ਕੇ ਆਪਣਾ ਅਪਰਾਧ  ਮੁਆਫ ਕਰਵਾ ਸਕਦਾ ਹੈ ਪਰ ਚੱਢਾ ਜੋ ਸਰਵਉੱਚ ਸਿੱਖਿਅਕ ਸੰਸਥਾ ਦੇ ਪ੍ਰਧਾਨ ਦੇ ਅਹੁਦੇ 'ਤੇ ਸਨ ਪਰ ਇਹ ਲਾਗੂ ਨਹੀਂ ਹੁੰਦਾ। ਉਨ੍ਹਾਂ ਆਪਣੇ ਅਹੁਦੇ 'ਤੇ ਰਹਿ ਕੇ ਪੰਥ ਦੇ ਸਿਧਾਂਤਾਂ ਅਤੇ ਸਿੱਖ ਰਹਿਤ- ਮਰਿਆਦਾ ਦੀ ਉਲੰਘਣਾ ਕੀਤੀ ਹੈ। ਅਜਿਹੇ 'ਚ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।