ਪੇਸ਼ੀ ਲਈ ਲਿਜਾਣ ਵਾਲੇ ਹਵਾਲਾਤੀ ਤੋਂ ਹੱਥਕਡ਼ੀ ਖੋਲ੍ਹਣ ਵਾਲੀਆਂ 3 ਡੁਪਲੀਕੇਟ ਚਾਬੀਆਂ ਬਰਾਮਦ

07/25/2018 1:40:46 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਸ਼ੈਰੀ)–ਕੇਂਦਰੀ ਜੇਲ ਫਿਰੋਜ਼ਪੁਰ ਵਿਚ ਅੱਜ ਮਾਨਸਾ ਦੀ ਕੋਰਟ ਵਿਚ ਪੇਸ਼ੀ  ਲਈ ਲਿਜਾਣ ਤੋਂ ਪਹਿਲਾਂ ਇਕ ਹਵਾਲਾਤੀ ਤੋਂ ਜੇਲ ਦੇ ਸਟਾਫ ਨੇ ਹੱਥਕਡ਼ੀ ਖੋਲ੍ਹਣ ਵਾਲੀਆਂ ਤਿੰਨ ਬਣਾਈਆਂ ਗਈਆਂ ਚਾਬੀਆਂ ਬਰਾਮਦ ਕੀਤੀਆਂ ਹਨ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕੇਂਦਰੀ ਜੇਲ ਫਿਰੋਜ਼ਪੁਰ ਦੇ ਸੁਪਰਡੈਂਟ ਨੇ ਲਿਖਿਆ ਹੈ ਕਿ ਟੂਥ ਬਰਸ਼ ਦੀਆਂ ਬਣਾਈਆਂ ਗਈਆਂ ਇਹ ਚਾਬੀਆਂ ਮਿਲਣ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਪੇਸ਼ੀ  ਦੌਰਾਨ ਇਸ ਹਵਾਲਾਤੀ ਨੇ ਆਪਣੀ ਹੱਥਕਡ਼ੀ ਖੋਲ੍ਹ ਕੇ ਪੁਲਸ ਹਿਰਾਸਤ ’ਚੋਂ ਫਰਾਰ ਹੋਣਾ ਸੀ ਅਤੇ ਇਸ ਕੰਮ ਵਿਚ ਉਸ ਦੇ ਨਾਲ ਹੋਰ ਲੋਕਾਂ ਦੇ ਜੁਡ਼ੇ ਹੋਣ ਦੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ ਅਧਿਕਾਰੀਆਂ ਨੇ ਪੁਲਸ ਥਾਣਾ ਫਿਰੋਜ਼ਪੁਰ ਸ਼ਹਿਰ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਲਿਖਿਆ ਹੈ ਕਿ ਯੋਗੇਸ਼ ਕੁਮਾਰ ਉਰਫ ਜੋਗੀ ਵਾਸੀ ਕਹਚਿਰੀ ਰੋਡ, ਮਾਨਸਾ  ਖਿਲਾਫ 4 ਫਰਵਰੀ 2018 ਨੂੰ  ਥਾਣਾ ਬਰੇਟੀ ’ਚ ਕਥਿਤ ਰੂਪ ਵਿਚ ਅਗਵਾ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਮੁਕੱਦਮਾ ਦਰਜ ਹੈ ਅਤੇ 2 ਹੋਰ ਕੇਸਾਂ ’ਚ ਉਸ ਨੂੰ 4 ਅਪ੍ਰੈਲ 2018 ਨੂੰ ਫਿਰੋਜ਼ਪੁਰ ਦੀ ਕੇਂਦਰੀ ਜੇਲ ਫਿਰੋਜ਼ਪੁਰ ’ਚ ਸ਼ਿਫਟ ਕੀਤਾ ਗਿਆ ਸੀ। ਜੇਲ ਅਧਿਕਾਰੀਆਂ  ਅਨੁਸਾਰ ਅੱਜ ਇਸ ਹਵਾਲਾਤੀ ਨੂੰ ਅੈਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਮਾਨਸਾ ਦੀ ਅਦਾਲਤ ’ਚ ਪੇਸ਼ ਕਰਨ  ਲਈ ਲਿਜਾਣ ਤੋਂ ਪਹਿਲਾਂ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਟੂਥ ਬਰਸ਼ ਨੂੰ ਤੋਡ਼ ਕੇ ਹੱਥਕਡ਼ੀ ਖੋਲ੍ਹਣ ਵਾਲੀਆਂ ਬਣਾਈਆਂ 3 ਡੁਪਲੀਕੇਟ ਚਾਬੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਹਵਾਲਾਤੀ ਨੇ ਪੁਲਸ ਹਿਰਾਸਤ ਵਿਚੋਂ ਭੱਜਣ  ਲਈ ਇਹ ਚਾਬੀਆਂ ਬਣਾਈਆਂ ਸਨ। ਸਮਾਚਾਰ ਲਿਖੇ ਜਾਣ ਤੱਕ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਵੱਲੋਂ ਇੰਸਪੈਕਟਰ ਜਸਬੀਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕੀਤੀ ਜਾ ਰਹੀ ਹੈ।