ਕੇਂਦਰ ਸਰਕਾਰ ਤੇ ਰੇਲਵੇ ਬੋਰਡ ਦੀ ਹਰ ਨੀਤੀ ਮੁਲਾਜ਼ਮ ਮਾਰੂ : ਮਨਜੀਤ ਬਾਜਵਾ

02/24/2018 7:26:44 AM

ਕਪੂਰਥਲਾ, (ਮੱਲ੍ਹੀ)- ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਦੀ ਜਨਰਲ ਕੌਂਸਲ ਦੀ ਅੱਜ ਫੈਕਟਰੀ ਦੇ ਵਰਕਰਜ਼ ਕਲੱਬ 'ਚ ਇਕ ਮੀਟਿੰਗ ਹੋਈ। ਜਿਸ 'ਚ ਸ਼ਾਮਿਲ ਹੋਏ ਵੱਡੀ ਗਿਣਤੀ 'ਚ ਪ੍ਰਭਾਵਸ਼ਾਲੀ ਰੇਲਵੇ ਮੁਲਾਜ਼ਮਾਂ ਤੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੰਯੁਕਤ ਸਕੱਤਰ ਮਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਭਾਰਤ ਸਰਕਾਰ ਤੇ ਕੇਂਦਰੀ ਰੇਲਵੇ ਬੋਰਡ ਦੀ ਹਰ ਨੀਤੀ ਮੁਲਾਜ਼ਮ ਮਾਰੂ ਹੈ। ਅੱਜ ਰੇਲਵੇ ਬੋਰਡ 'ਚ ਖਾਲੀ ਲੱਖਾਂ ਪੋਸਟਾਂ ਨੂੰ ਭਰਨ ਦੀ ਥਾਂ ਉਨ੍ਹਾਂ ਨੂੰ ਖਤਮ ਹੀ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਰੇਲਵੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਨਾਂ 'ਚ ਮੋਦੀ ਸਰਕਾਰ ਤੇ ਕੇਂਦਰੀ ਰੇਲਵੇ ਬੋਰਡ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਯੂਨੀਅਨ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ 1089 ਪੋਸਟਾਂ ਆਰ. ਸੀ. ਐੱਫ. ਨੂੰ ਦੇਣ, ਨਵੀਂ ਭਰਤੀ ਕਰਨ, ਮਸ਼ੀਨਰੀ ਨੂੰ ਸੰਚਾਰੂ ਰੂਪ 'ਚ ਚਲਾਉਣ ਤੇ ਨਵੀਆਂ ਮਸ਼ੀਨਾਂ ਮੰਗਵਾਉਣ, ਮਟੀਰੀਅਲ ਦੀ ਕਮੀ ਲਈ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਆਦਿ ਅਹਿਮ ਮੰਗਾਂ ਉਪਰ ਰੇਲਵੇ ਬੋਰਡ ਨਾਲ ਯੂਨੀਅਨ ਦੀ ਮੀਟਿੰਗ ਕਰਵਾਉਣ ਲਈ ਟਾਲਾ ਵੱਟਿਆ ਜਾ ਰਿਹਾ ਹੈ। ਯੂਨੀਅਨ ਵਲੋਂ ਪੀ. ਐੱਨ. ਐੱਮ. ਮੀਟਿੰਗ ਲਈ ਪਾਏ ਜਾ ਰਹੇ ਦਬਾਅ ਨੂੰ ਵੀ ਰੇਡਿਕਾ ਪ੍ਰਸ਼ਾਸਨ ਵਲੋਂ ਲੋੜੀਂਦੀ ਅਹਿਮੀਅਤ ਨਾ ਦੇਣਾ, ਕੋਈ ਵਧੀਆ ਸੰਕੇਤ ਨਹੀਂ ਹਨ। 
ਯੂਨੀਅਨ ਆਗੂ ਅਮਰੀਕ ਸਿੰਘ, ਇੰਜੀ. ਦਰਸ਼ਨ ਲਾਲ, ਜਸਪਾਲ ਸਿੰਘ ਸੇਖੋਂ, ਐੱਸ ਭਟਨਾਗਰ, ਬਚਿੱਤਰ ਸਿੰਘ ਆਦਿ ਨੇ ਕਿਹਾ ਕਿ ਰੇਲਵੇ ਤੇ ਦੇਸ਼ ਦੇ ਪਬਲਿਕ ਸੈਕਟਰ ਦੇ ਘਾਟੇ ਦਾ ਗਮ ਤੇ ਦੇਸ਼ ਦੇ 1 ਫੀਸਦੀ ਧਨਾਢ ਪੂੰਜੀਪੱਤੀਆਂ ਦੇ ਦੇਸ਼ ਦੇ 73 ਫੀਸਦੀ ਸਰਮਾਏ ਉਪਰ ਡਾਕਾ ਮਾਰਨ 'ਚ ਕੀ ਸਬੰਧ ਹੈ, ਬਾਰੇ ਯੂਨੀਅਨ ਜਾਣਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਨੌਜਵਾਨੀ ਗੰਭੀਰ ਸੰਕਟ 'ਚ ਹੈ।  ਇਸ ਮੌਕੇ ਯੂਨੀਅਨ ਆਗੂ ਨਰਿੰਦਰ ਕੁਮਾਰ, ਸ਼ਰਨਜੀਤ ਸਿੰਘ, ਪ੍ਰਦੀਪ ਸਿੰਘ, ਬਾਬੂ ਸਿੰਘ, ਅੰਮ੍ਰਿਤ ਲਾਲ ਚੌਧਰੀ, ਦਲਜੀਤ ਸਿੰਘ ਥਿੰਦ, ਨਿਰਮਲ ਸਿੰਘ, ਮੱਖਣ ਸਿੰਘ, ਭਾਨ ਸਿੰਘ, ਤਰਲੋਚਨ ਸਿੰਘ, ਵਿਪਨ ਕੁਮਾਰ ਤੇ ਹਰਪ੍ਰੀਤ ਸਿੰਘ ਆਦਿ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਯੂਨੀਅਨ ਦੀ ਮਜਬੂਤੀ ਤੇ ਰੇਲਵੇ ਮੁਲਾਜ਼ਮਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਰੱਖਿਆ ਲਈ ਯੂਨੀਅਨ ਵਲੋਂ ਲੜੇ ਜਾ ਰਹੇ ਸੰਘਰਸ਼ ਬਾਰੇ ਗੱਲਾਂ ਕੀਤੀਆਂ।