ਸੈਂਟਰਲ ਬੈਂਕ ਆਫ ਇੰਡੀਆ ਛੱਜੂਮਾਜਰਾ ਦੀ ਬ੍ਰਾਂਚ ''ਚ ਸਟਾਫ ਦੀ ਘਾਟ

12/20/2019 1:51:40 PM

ਖਰੜ (ਰਣਬੀਰ) : ਨਗਰ ਕੌਂਸਲ ਖਰੜ ਅਧੀਨ ਪੈਂਦੀ ਛੱਜੂਮਾਜਰਾ ਕਾਲੋਨੀ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਅੰਦਰ ਸਟਾਫ ਦੀ ਘਾਟ ਹੋਣ ਕਾਰਨ ਇੱਥੋਂ ਦੇ ਗਾਹਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਸਥਿਤ ਬੈਂਕ ਦੇ ਰੀਜਨਲ ਮੈਨੇਜਰ ਦੇ ਨਾਂ ਲਿਖੇ ਇਕ ਮੰਗ ਪੱਤਰ ਰਾਹੀਂ ਬੈਂਕ ਦੇ ਉਪਭੋਗਤਾਵਾਂ ਨੇ ਦੱਸਿਆ ਕਿ ਜਿਸ ਸਮੇਂ ਇਸ ਥਾਂ ਬੈਂਕ ਦੀ ਸ਼ੁਰੂਆਤ ਹੋਈ, ਉਸ ਵੇਲੇ ਇਸ ਏਰੀਆ ਦੇ ਅੰਦਰ ਇੰਨੀ ਜ਼ਿਆਦਾ ਆਬਾਦੀ ਨਹੀਂ ਸੀ ਪਰ ਹੁਣ ਇੱਥੇ ਵਸੋਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਚੁੱਕੀ ਹੈ, ਜਿਸ ਦੇ ਨਤੀਜੇ ਦੇ ਤੌਰ 'ਤੇ ਬੈਂਕ ਦੇ ਗਾਹਕਾਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਕਈ ਗੁਣਾ ਵਧੀ ਹੈ।

ਇਸ ਦੇ ਬਾਵਜੂਦ ਇਸ ਬ੍ਰਾਂਚ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜੋ ਸਟਾਫ ਦੀ ਗਿਣਤੀ ਉਸ ਵੇਲੇ ਸੀ, ਓਨੇ ਹੀ ਸਟਾਫ ਦੇ ਸਹਾਰੇ ਹੁਣ ਤੱਕ ਬੈਂਕ ਅੰਦਰ ਦਾ ਸਾਰਾ ਕੰਮ ਚੱਲਦਾ ਆ ਰਿਹਾ ਹੈ, ਬੇਸ਼ੱਕ ਇੱਥੋਂ ਦਾ ਸਟਾਫ ਆਪਣੇ ਗਾਹਕਾਂ ਨੂੰ ਬੇਹੱਦ ਵਧੀਆ ਤਰੀਕੇ ਨਾਲ ਆਪਣੀਆਂ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਟਾਫ ਦੀ ਘਾਟ ਹੋਣ ਕਾਰਨ ਉਹ ਚਾਹੁੰਦੇ ਹੋਏ ਵੀ ਲੋਕਾਂ ਨੂੰ ਸਮੇਂ ਸਿਰ 'ਤੇ ਬੈਂਕ ਸਰਵਿਸ ਮੁਹੱਈਆ ਨਹੀਂ ਕਰਵਾ ਪਾ ਰਹੇ, ਜਿਸ ਕਾਰਨ ਲੋਕਾਂ ਨੂੰ ਆਪਣੀ ਵਾਰੀ ਆਉਣ ਤੱਕ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਕਾਰਨ ਕੁਝ ਗਾਹਕ ਬੈਂਕ ਮੁਲਾਜ਼ਮਾਂ ਦੇ ਨਾਲ ਔਖੇ ਭਾਰੇ ਵੀ ਹੁੰਦੇ ਦੇਖੇ ਜਾਂਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਬੈਂਕ ਦੀਆਂ ਲੋੜਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇੱਥੇ ਕੁਝ ਹੋਰ ਸਟਾਫ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਬੈਂਕ ਦੇ ਗਾਹਕਾਂ ਨੂੰ ਅਜਿਹੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Babita

This news is Content Editor Babita