ਹੋਲਾ-ਮਹੱਲਾ ਮੌਕੇ ਸ੍ਰੀ ਕੀਰਤਪੁਰ ਸਾਹਿਬ ''ਚ ਲੱਗੀਆਂ ਰੌਣਕਾਂ, ਵੱਖ-ਵੱਖ ਗੁਰਦੁਆਰਿਆਂ ’ਚ ਸੰਗਤ ਹੋ ਰਹੀ ਨਤਮਸਤਕ

03/05/2023 11:24:53 AM

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲੇ-ਮਹੱਲੇ ਦੇ ਸ਼ਨੀਵਾਰ ਦੂਜੇ ਦਿਨ ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀਆਂ ਭਾਰੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਸੰਗਤਾਂ ਨੇ ਵੱਖ -ਵੱਖ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਮੱਥਾ ਟੇਕਿਆ। ਵੱਡੀ ਗਿਣਤੀ ਸੰਗਤਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਪੁੱਜ ਰਹੀਆਂ ਹਨ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਨਜ਼ਦੀਕ ਅਤੇ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਵਿਖੇ ਬਣਾਈਆਂ ਆਰਜ਼ੀ ਪਾਰਕਿੰਗਾਂ ਵਿਚ ਆਪਣੇ ਵਾਹਨ ਖੜ੍ਹੇ ਕਰਕੇ ਸਰੋਵਰ ’ਤੇ ਸਤਲੁਜ ਦਰਿਆ ’ਚ ਇਸ਼ਨਾਨ ਕਰਕੇ ਗੁਰਦੁਆਰਾ ਪਤਾਲਪੁਰੀ ਦੇ ਦਰਬਾਰ ਸਾਹਿਬ ਮੱਥਾ ਟੇਕ ਰਹੇ ਹਨ।

ਇਸ ਦੌਰਾਨ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਆਈਆਂ ਸੰਗਤਾਂ ਵੱਲੋਂ ਸਮੂਹ ਸਾਧ ਸੰਗਤ ਅਜਨਾਲਾ ਅਤੇ ਗੁਰਦੁਆਰਾ ਪਤਾਲਪੁਰੀ ਵਿਖੇ ਚੱਲਦੇ ਬਾਬਾ ਅਮਰੀਕ ਸਿੰਘ ਪਟਿਆਲਾ ਵਾਲਿਆਂ ਦੇ ਲੰਗਰ ਵਿਖੇ ਪਰਸ਼ਾਦਾ ਛੱਕ ਸ੍ਰੀ ਕੀਰਤਪੁਰ ਸਾਹਿਬ ਦੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਜਾ ਰਹੀਆਂ ਸਨ। ਸੰਗਤਾਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਸੀਸ ਮਹਿਲ ਸਾਹਿਬ, ਗੁਰਦੁਆਰਾ ਕੋਟ ਸਾਹਿਬ, ਗੁਰਦੁਆਰਾ ਹਰਿਮੰਦਰ ਸਾਹਿਬ, ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਤੀਰ ਸਾਹਿਬ, ਗੁਰਦੁਆਰਾ ਬਾਬਾ ਸ੍ਰੀ ਚੰਦ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ਵਿਖੇ ਮੱਥਾ ਟੇਕ ਕੇ ਅਨੰਦਪੁਰ ਸਾਹਿਬ ਵੱਲ ਨੂੰ ਰਵਾਨਾ ਹੋ ਰਹੀਆਂ ਹਨ। ਪੁਲਸ ਪ੍ਰਸ਼ਾਸਨ ਵੱਲੋਂ ਕੀਰਤਪੁਰ ਸਾਹਿਬ ਦੇ ਵੱਖ-ਵੱਖ ਗੁਰਦੁਆਰਿਆਂ ਨੂੰ ਜਾਣ ਵਾਲੇ ਰਸਤੇ ’ਤੇ ਜਿੱਥੇ ਸੰਗਤਾਂ ਦੀ ਸਹੂਲਤ ਲਈ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਉਥੇ ਹੀ ਟ੍ਰੈਫਿਕ ਨਿਰਵਿਘਨ ਚੱਲਦੀ ਰੱਖਣ ਲਈ ਵਿਸ਼ੇਸ਼ ਬੈਰੀਕੇਡ ਲੱਗਾ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਸ ਮੁਲਾਜ਼ਮ ਮੇਲੇ ਦੀ ਪੂਰੀ ਨਿਗਰਾਨੀ ਰੱਖ ਰਹੇ ਹਨ।

ਇਹ ਵੀ ਪੜ੍ਹੋ : ਸਰਕਾਰ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਅਦਾਲਤ ’ਚ ਬਿਲਕੁਲ ਵੀ ਢਿੱਲ ਨਹੀਂ ਵਿਖਾਵੇਗੀ: ਧਾਲੀਵਾਲ

ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਸੰਦੀਪ ਸਿੰਘ ਕਲੌਤਾ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਜ਼ਿਆਦਾ ਸੰਗਤ ਵੇਖਦੇ ਹੋਏ ਸਾਰੇ ਪ੍ਰਬੰਧ ਕੀਤੇ ਗਏ ਹਨ। ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਨਜ਼ਦੀਕ ਵੱਡੀ ਐੱਲ. ਈ. ਡੀ. ਲਗਾਈ ਗਈ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ੇਸ਼ ਸਟਾਲ ਲਗਾਇਆ ਗਿਆ ਹੈ। ਸੰਗਤਾਂ ਲਈ ਚਰਨ ਕੰਵਲ ਸਾਹਿਬ ਅਤੇ ਬਾਬਾ ਗੁਰਦਿੱਤਾ ਜੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਹਨ । ਕਮੇਟੀ ਵੱਲੋਂ ਇਸ ਬਾਰ ਸਤਲੁਜ ਦਰਿਆ ਅਤੇ ਸਰੋਵਰ ਨਜ਼ਦੀਕ ਗੋਤਾਖੋਰ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਭਲਕੇ ਪਾਏ ਜਾਣਗੇ, ਜਿਸ ਨਾਲ ਉਪਰੰਤ ਸ੍ਰੀ ਕੀਰਤਪੁਰ ਸਾਹਿਬ ਹੋਲੇ ਮਹੱਲੇ ਮੇਲੇ ਦੀ ਸਮਾਪਤੀ ਅਤੇ ਸ੍ਰੀ ਅਨੰਦਪੁਰ ਸਾਹਿਬ ਮੇਲੇ ਦੀ ਸ਼ੁਰੂਆਤ ਹੋਵੇਗੀ। ਗੁਰਦੁਆਰਾ ਬਾਬਾ ਗੁਰਦਿੱਤਾ ਦੇ ਮੈਨੇਜਰ ਅਮਰਜੀਤ ਸਿੰਘ ਬਾੜੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਵਿਚ ਆਉਣ ਵਾਲੀ ਸੰਗਤ ਲਈ ਲੰਗਰ, ਰਿਹਾਇਸ਼, ਗਠੜੀ ਘਰ ਅਤੇ ਜੋੜਾ ਘਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਅਕਾਲ ਹੋਮੀਓਕੇਅਰ ਗਿੱਲ ਰੋਡ ਲੁਧਿਆਣਾ ਦੇ ਡਾਕਟਰ ਸਤਿਬੀਰ ਸਿੰਘ, ਮਾਹਲ ਮੈਡੀਕਲ ਸਟੋਰ ਰਾਜੂਬੇਲਾ ਅਤੇ ਹਰ ਪ੍ਰਕਾਰ ਦੇ ਤਰ੍ਹਾਂ ਦਾ ਤੇਲ ਮਾਲਸ਼ ਇਲਾਜ ਲਈ ਇੰਦਰਪਾਲ ਸਿੰਘ, ਗੁਰਬਚਨ ਸਿੰਘ ਪਿੰਡ ਜੀਰਾ ਤੇ ਹਰਪ੍ਰੀਤ ਸਿੰਘ ਵੱਲੋਂ ਮੁਫ਼ਤ ਕੈਂਪ ਬਾਬਾ ਗੁਰਦਿੱਤਾ ਜੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਲੋਹੀਆਂ ਵਿਖੇ ਦਰਦਨਾਕ ਹਾਦਸੇ 'ਚ ਜਵਾਨ ਕੁੜੀ ਦੀ ਮੌਤ, ਮਾਪੇ ਬੋਲੇ, ਫਰਜ਼ੀ ਐਕਸੀਡੈਂਟ 'ਚ ਮੁੰਡੇ ਨੇ ਮਾਰੀ ਸਾਡੀ ਧੀ

ਗੁਰੂ ਘਰ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਵੱਖ-ਵੱਖ ਗੁਰੂ ਘਰਾਂ ਨਜ਼ਦੀਕ ਸੱਜੀਆਂ ਹੋਈਆਂ ਦੁਕਾਨਾਂ ਉਪਰ ਜਾ ਕੇ ਮੇਲੇ ਦੀ ਯਾਦ ਵਿਚ ਕੋਈ ਨਾ ਕੋਈ ਸਾਮਾਨ ਆਪਣੇ ਘਰ ਨੂੰ ਲੈ ਕੇ ਜਾ ਰਹੇ ਹਨ। ਜਿਨ੍ਹਾਂ ਸੰਗਤਾਂ ਦੀਆਂ ਮੰਨਤਾਂ ਪੁਰੀਆਂ ਹੋ ਗਈਆਂ ਹਨ ਉਹ ਢੋਲ ਢਮੱਕੇ ਨਾਲ ਨੱਚਦੇ ਟੱਪਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਮੱਥਾ ਟੇਕਣ ਲਈ ਜਾ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ 'ਤੇ ਕਾਰਵਾਈ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri