ਗੋਪੀ ਚੋਹਲਾ ਕਤਲ ਕਾਂਡ ’ਚ ਵੱਡੀ ਖ਼ਬਰ, ਸੀ. ਸੀ. ਟੀ. ਵੀ. ਵੀਡੀਓ ਆਈ ਸਾਹਮਣੇ (ਦੇਖੋ ਵੀਡੀਓ)

03/02/2024 6:37:56 PM

ਤਰਨਤਾਰਨ : ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਜ਼ਦੀਕੀ ਗੁਰਪ੍ਰੀਤ ਸਿੰਘ ਉਰਫ ਗੋਪੀ ਚੋਹਲਾ ਦਾ ਸ਼ੁੱਕਰਵਾਰ ਸਵੇਰੇ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੋਲ਼ੀਆਂ ਲੱਗਣ ਕਾਰਣ ਮੌਕੇ ’ਤੇ ਗੋਪੀ ਚੋਹਲਾ ਦੀ ਮੌਤ ਹੋ ਗਈ। ਮ੍ਰਿਤਕ ਗੋਪੀ ਚੋਹਲਾ ਵਿਆਹੁਤਾ ਸੀ ਅਤੇ ਉਸ ਦੇ ਦੋ ਬੱਚੇ ਸਨ। ਬੇਟੀ 10ਵੀਂ ਅਤੇ ਬੇਟਾ 8ਵੀਂ ਜਮਾਤ ਦਾ ਵਿਦਿਆਰਥੀ ਹੈ। ਗੋਪੀ ਅਤੇ ਉਸ ਦਾ ਪਰਿਵਾਰ ਖੇਤੀਬਾੜੀ ਕਰਦਾ ਸੀ। ਘਰੋਂ ਨਿਕਲਦੇ ਸਮੇਂ ਹੀ ਸ਼ੂਟਰ ਗੋਪੀ ਦੇ ਪਿੱਛੇ ਲੱਗ ਗਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਵੀ ਸੀ. ਸੀ. ਟੀ. ਵੀ. ਵਿਚ ਕੈਦ ਹੋਈਆਂ ਹਨ। 

ਇਹ ਵੀ ਪੜ੍ਹੋ : ਡੀ. ਐੱਸ. ਪੀ. ਦਿਲਪ੍ਰੀਤ ਸਿੰਘ ਦੀ ਜਿੰਮ ’ਚ ਹੋਈ ਮੌਤ ਦੇ ਮਾਮਲੇ ’ਚ ਨਵਾਂ ਮੋੜ

ਸੀ. ਸੀ. ਟੀ. ਵੀ. ’ਚ ਕੈਦ ਹੋਈ ਸ਼ੂਟਰਾਂ ਦੀ ਗੱਡੀ

ਥਾਣਾ ਗੋਇੰਦਵਾਲ ਪੁਲਸ ਵਾਰਦਾਤ ਵਾਲੇ ਰੂਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਖੰਘਾਲ ਰਹੀ ਹੈ। ਇਸ ਦੌਰਾਨ ਪੁਲਸ ਹੱਥ ਸ਼ੂਟਰਾਂ ਦੀ ਵੀਡੀਓ ਵੀ ਲੱਗੀ ਹੈ, ਜਿਸ ਵਿਚ ਸਵਿਫਟ ਕਾਰ ਵਿਚ ਸਵਾਰ ਸ਼ੱਕੀ ਸ਼ੂਟਰ ਗੋਪੀ ਚੋਹਲਾ ਦੀ ਕਾਰ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਤਿੰਨ ਸ਼ੂਟਰ ਸਵਾਰ ਸਨ, ਜਿਨ੍ਹਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਗੋਪੀ ਦੇ  ਸਵੇਰੇ ਘਰੋਂ ਨਿਕਲਣ ਸਮੇਂ ਕੋਈ ਵਾਰ-ਵਾਰ ਉਸ ਨੂੰ ਫੋਨ ਕਰਕੇ ਪੁੱਛ ਰਿਹਾ ਸੀ। ਗੁਰਪ੍ਰੀਤ ਸ਼ੁੱਕਰਵਾਰ ਸਵੇਰੇ ਚੋਹਲਾ ਸਾਹਿਬ ਸਥਿਤ ਆਪਣੇ ਘਰ ਤੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਕਪੂਰਥਲਾ ਵਿਚ ਦਰਜ ਜਾਨਲੇਵਾ ਹਮਲੇ ਦੇ ਕੇਸ ਵਿਚ ਪੇਸ਼ ਹੋਣ ਲਈ ਅਦਾਲਤ ਜਾ ਰਿਹਾ ਹੈ। ਉਸ ਨੇ ਗੋਇੰਦਵਾਲ ਸਾਹਿਬ ਤੋਂ ਕੇਸ ਵਿਚ ਸ਼ਾਮਲ ਆਪਣੇ ਦੋਸਤ ਨੂੰ ਨਾਲ ਲੈਣਾ ਸੀ ਪਰ ਗੋਇੰਦਵਾਲ ਸਾਹਿਬ ਤੋਂ ਡੇਢ ਕਿੱਲੋਮੀਟਰ ਪਿੱਛੇ ਜਿਵੇਂ ਹੀ ਫਤਿਹਾਬਾਦ ਦੇ ਬੰਦ ਰੇਲਵੇ ਫਾਟਕ ’ਤੇ ਉਹ ਰੁਕਿਆ ਤਾਂ ਉਸ ’ਤੇ ਤਿੰਨ ਅਣਪਛਾਤੇ ਹਮਲਾਵਰਾਂ ਨੇ ਤੇਜ਼ੀ ਨਾਲ ਹਮਲਾ ਕਰ ਦਿੱਤਾ, ਸ਼ੂਟਰਾਂ ਨੇ ਪੰਜ ਫਾਇਰ ਕੀਤੇ। ਇਨ੍ਹਾਂ ਵਿਚੋਂ ਤਿੰਨ ਗੋਲ਼ੀਆਂ ਗੋਪੀ ਦੇ ਲੱਗੀਆਂ। ਦੋ ਦਿਲ ਦੇ ਨੇੜੇ ਤੇ ਇਕ ਹੱਥ ’ਤੇ ਲੱਗੀ, ਜਿਸ ਨਾਲ ਮੌਕੇ ’ਤੇ ਹੀ ਗੋਪੀ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡੱਲਾ ਨੇ ਘੋੜਿਆਂ ਦੇ ਵਪਾਰੀ ਤੋਂ ਮੰਗੀ ਲੱਖਾਂ ਰੁਪਏ ਦੀ ਫਿਰੌਤੀ

ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ 

ਵਾਰਦਾਤ ਤੋਂ ਬਾਅਦ ਘਟਨਾ ਸਥਾਨ ’ਤੇ ਪਹੁੰਚੇ ਐੱਸ. ਐੱਸ. ਪੀ ਅਸ਼ਵਨੀ ਕਪੂਰ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਵਾਰਦਾਤ ਸਵੇਰੇ ਸਵਾ 9 ਵਜੇ ਦੇ ਕਰੀਬ ਵਾਪਰੀ ਹੈ। ਇਸ ਵਿਚ ਤਿੰਨ ਨੌਜਵਾਨ ਸ਼ਾਮਲ ਸਨ। ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਚੋਹਲਾ ਦਾ ਸਵਿਫਟ ਕਾਰ ਵਿਚ ਪਿੱਛਾ ਕਰਦੇ ਆ ਰਹੇ ਸਨ। ਜਿਵੇਂ ਹੀ ਫਾਟਕ ’ਤੇ ਗੋਪੀ ਚੋਹਲਾ ਦੀ ਕਾਰ ਰੁਕੀ ਤਾਂ ਕਾਤਲਾਂ ਨੇ ਗੋਪੀ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਵਾਰਦਾਤ ਵਿਚ ਗੋਪੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਾਤਲ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਕਤਲ ਕਾਂਡ ਵਿਚ ਪੁਲਸ ਕਈ ਥਿਊਰੀਆਂ ’ਤੇ ਕੰਮ ਕਰ ਰਹੀ ਹੈ। ਇਹ ਮਾਮਲੇ ਨੂੰ ਆਪਸੀ ਰੰਜਿਸ਼ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਕਾਤਲਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਨਾਕਾਬੰਦੀ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਸੋਮਵਾਰ ਨੂੰ ਪੰਜਾਬ ਦੇ ਇਸ ਜ਼ਿਲ੍ਹੇ ਵਿਚ ਸਰਕਾਰੀ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh