ਨਹੀਂ ਮੰਨਦੇ ਥਾਣੇਦਾਰ ਡੀ. ਜੀ. ਪੀ. ਦੇ ਆਦੇਸ਼

01/08/2018 4:42:45 PM

ਜਲੰਧਰ (ਸ਼ੋਰੀ)— ਇਕ ਪਾਸੇ ਜਿੱਥੇ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਪੰਜਾਬ ਪੁਲਸ ਵਿਚ ਆਧੁਨਿਕੀਕਰਨ, ਪਾਰਦਰਸ਼ਿਤਾ ਲਈ ਆਪਣੀ ਪਿੱਠ ਥਾਪੜ ਰਹੇ ਹਨ, ਉਥੇ ਉਨ੍ਹਾਂ ਨੂੰ ਜਲੰਧਰ ਕਮਿਸ਼ਨਰੇਟ ਦੀ ਜ਼ਮੀਨੀ ਹਕੀਕਤ ਨਹੀਂ ਪਤਾ ਕਿ ਉਨ੍ਹਾਂ ਵੱਲੋਂ ਤਾਇਨਾਤ ਥਾਣੇਦਾਰ ਹੀ ਉਨ੍ਹਾਂ ਦੇ ਸੁਪਨਿਆਂ ਦੀ ਪੁਲਸ ਦਾ ਮੰਜਾ ਬਿਸਤਰਾ ਗੋਲ ਕਰਨ ਵਿਚ ਲੱਗੇ ਹੋਏ ਹਨ। ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਸਾਬਕਾ ਡਿਪਟੀ ਸੀ. ਐੈੱਮ. ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਵਿਦੇਸ਼ਾਂ ਦੀ ਤਰਜ਼ 'ਤੇ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ, ਪ੍ਰਾਜੈਕਟ 'ਤੇ ਇਕ ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਇਸ ਤੋਂ ਬਾਅਦ ਕੋਈ ਵੀ ਅਪਰਾਧੀ ਜੇਕਰ ਕੈਮਰਿਆਂ ਦੀ ਨਜ਼ਰ ਵਿਚ ਆਵੇਗਾ ਤਾਂ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਵਿਚ ਐੱਸ. ਐੱਸ. ਪੀਜ਼ ਅਤੇ ਪੁਲਸ ਕਮਿਸ਼ਨਰ ਨੂੰ ਹੁਕਮ ਜਾਰੀ ਹੋਇਆ ਸੀ ਕਿ ਸਾਰੇ ਥਾਣੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਕੀਤੇ ਜਾਣ, ਜਿਨ੍ਹਾਂ ਵਿਚ ਮੁਨਸ਼ੀ ਤੋਂ ਲੈ ਕੇ ਐੱਸ. ਐੱਚ. ਓ. ਦੇ ਰੂਮ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ। ਇਸ ਨਾਲ ਸਾਰੇ ਥਾਣਿਆਂ ਦੀ ਮਾਨੀਟਰਿੰਗ ਆਲ੍ਹ੍ਹਾ ਪੁਲਸ ਅਫਸਰ ਕਰ ਸਕਣਗੇ।
ਪ੍ਰਭਾਵਸ਼ਾਲੀ ਲੋਕਾਂ ਦੇ ਸਹਿਯੋਗ ਨਾਲ ਅਤੇ ਮੋਟਾ ਪੈਸਾ ਖਰਚ ਕੇ ਐੈੱਸ. ਐੱਚ. ਓਜ਼ ਦੇ ਕਮਰਿਆਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾ ਦਿੱਤੇ ਗਏ। ਪੰਜਾਬ ਪੁਲਸ ਦੇ ਅਧਿਕਾਰੀ ਸ਼ਹਿਰ ਦੇ ਚੌਰਾਹਿਆਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਵਿਚ ਰੁੱਝ ਗਏ ਪਰ ਇਸ ਦੌਰਾਨ ਥਾਣੇਦਾਰਾਂ ਭਾਵ ਐੱਸ. ਐੱਚ. ਓਜ਼ ਨੇ ਆਪਣੇ ਕਮਰਿਆਂ ਵਿਚੋਂ ਕੈਮਰੇ ਉਤਾਰ ਦਿੱਤੇ ਜਾਂ ਡੈੱਡ ਕਰ ਦਿੱਤੇ। ਕੁਝ ਨੇ ਤਾਂ ਤਾਰਾਂ ਹੀ ਕੱਟ ਦਿੱਤੀਆਂ। 
'ਜਗ ਬਾਣੀ' ਦੀ ਟੀਮ ਨੂੰ ਸ਼ਹਿਰ ਵਿਚ ਇਕ ਵੀ ਥਾਣਾ ਅਜਿਹਾ ਨਹੀਂ ਮਿਲਿਆ, ਜਿਸ ਦੇ ਥਾਣੇਦਾਰ ਦੇ ਰੂਮ ਦਾ ਸੀ. ਸੀ. ਟੀ. ਵੀ. ਕੈਮਰਾ ਚੱਲ ਰਿਹਾ ਹੋਵੇ। ਕਿਸੇ ਵਿਚ ਖਾਲੀ ਕੈਮਰਾ ਲੱਗਾ ਹੈ, ਤਾਰ ਨਹੀਂ ਹੈ, ਕਿਸੇ ਵਿਚ ਤਾਰ ਹੈ ਤਾਂ ਕੈਮਰਾ ਹੀ ਗਾਇਬ ਹੈ। ਹਾਲਾਂਕਿ ਕੁਝ ਥਾਣਿਆਂ ਜਿਵੇਂ ਥਾਣਾ ਨੰਬਰ 1, 2, 3, 5, ਥਾਣਾ ਬਸਤੀ ਬਾਵਾ ਖੇਲ, ਥਾਣਾ ਨਿਊ ਬਾਰਾਂਦਰੀ, ਥਾਣਾ 6 ਆਦਿ ਵਿਚ ਕੈਮਰੇ ਲੱਗੇ ਹੀ ਨਹੀਂ। ਜਿੱਥੇ ਲੱਗੇ ਹਨ ਉਥੇ ਕੈਮਰਿਆਂ ਦੀ ਮੈਮੋਰੀ ਸੇਵ ਕਰਨ ਵਾਲੇ ਡੀ. ਵੀ. ਆਰ. ਖਰਾਬ ਹੋ ਚੁੱਕੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਡੀ. ਵੀ. ਆਰ. ਕਰੀਬ 3 ਹਜ਼ਾਰ ਵਿਚ ਮਾਰਕੀਟ ਵਿਚ ਮਿਲ ਜਾਂਦੀ ਹੈ। ਕੀ ਥਾਣਾ ਪੱਧਰ ਦੇ ਪੁਲਸ ਜਵਾਨ ਆਪਣੇ ਥਾਣਿਆਂ ਵਿਚ ਬਾਜ਼ਾਰ ਤੋਂ ਡੀ. ਵੀ. ਆਰ. ਖਰੀਦ ਕੇ ਨਹੀਂ ਲਿਆ ਸਕਦੇ ਜਾਂ ਅਜਿਹੀ ਕਿਹੜੀ ਪ੍ਰਾਈਵੇਸੀ ਹੈ, ਜੋ ਲੀਕ ਹੋਣ ਦਾ ਇਨ੍ਹਾਂ ਨੂੰ ਡਰ ਬਣਿਆ ਰਹਿੰਦਾ ਹੈ। 


ਲੋਕਾਂ ਨੂੰ ਨਸੀਹਤ ਖੁਦ ਮੀਆਂ ਫਜ਼ੀਹਤ
ਪੰਜਾਬ ਪੁਲਸ ਇਨ੍ਹੀਂ ਦਿਨੀਂ ਗਲੀ-ਗਲੀ ਦੁਕਾਨਾਂ 'ਤੇ ਜਾ ਕੇ ਲੋਕਾਂ ਨੂੰ ਨਸੀਹਤ ਦੇ ਰਹੀ ਹੈ ਕਿ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਾਓ ਤਾਂ ਜੋ ਚੋਰੀ, ਸਨੈਚਿੰਗ ਦੀਆਂ ਵਾਰਦਾਤਾਂ ਤੋਂ ਬਚਿਆ ਜਾ ਸਕੇ ਪਰ ਐੱਸ. ਐੱਚ. ਓਜ਼ ਖੁਦ ਆਪਣੇ ਕਮਰਿਆਂ 'ਚੋਂ ਸੀ. ਸੀ. ਟੀ. ਵੀ. ਉਤਾਰ ਰਹੇ ਹਨ। ਐੱਸ. ਐੱਚ. ਓਜ਼ ਦਾ ਹਾਲ ਇਹ ਹੈ ਕਿ ਆਪਣੇ ਰੂਮ ਤੋਂ ਸੀ. ਸੀ. ਟੀ. ਵੀ. ਕੈਮਰੇ ਕੱਢ ਦਿੱਤੇ ਪਰ ਮੁਨਸ਼ੀ ਦੇ ਰੂਮ ਵਿਚ ਲਗਵਾ ਦਿੱਤੇ।
'ਭਾਈ ਸਾਹਿਬ ਆਪਣੀ ਪ੍ਰਾਈਵੇਸੀ ਲੀਕ ਕਿਉਂ ਕਰੀਏ'
ਇਕ ਐੱਸ. ਐੱਚ. ਓ. ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਪਹਿਲਾਂ ਤਾਂ ਬੋਲਣ ਤੋਂ ਮਨ੍ਹਾ ਕਰ ਦਿੱਤਾ, ਫਿਰ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਾਡੀ ਵੀ ਪ੍ਰਾਈਵੇਸੀ ਹੈ। ਸਾਨੂੰ ਕਈ ਤਰ੍ਹਾਂ ਦੇ ਲੋਕਾਂ ਨੇ ਮਿਲਣ ਆਉਣਾ ਹੁੰਦਾ ਹੈ। ਕਾਂਗਰਸੀਆਂ ਨੇ ਵੀ ਤੇ ਭਾਜਪਾ-ਅਕਾਲੀਆਂ ਨੇ ਵੀ। ਸਾਰੀ ਪ੍ਰਾਈਵੇਸੀ ਲੀਕ ਕਿਉਂ ਕੀਤੀ ਜਾਵੇ। ਸੂਤਰਾਂ ਮੁਤਾਬਕ ਅੰਦਰ ਦੀ ਗੱਲ ਹੈ ਕਿ ਥਾਣੇਦਾਰਾਂ ਨੇ ਆਪਣੇ ਰੂਮ ਵਿਚ ਬੈਠ ਕੇ ਕਈ ਤਰ੍ਹਾਂ ਦੀ ਸੈਂਟਿੰਗ ਕਰਨੀ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ ਦੀ ਸੀ. ਡੀ. ਵਾਇਰਲ ਹੋ ਸਕਦੀ ਹੈ। 

ਹਵਾਲਾਤ 'ਚ ਜ਼ਰੂਰਤ ਹੈ ਸੀ. ਸੀ. ਟੀ. ਵੀ. ਕੈਮਰਿਆਂ ਦੀ
ਪੁਲਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਹਵਾਲਾਤ ਵਿਚ ਜਿਵੇਂ ਹੀ ਹਵਾਲਾਤੀਆਂ ਨੂੰ ਅੰਦਰ ਕੀਤਾ ਜਾਂਦਾ ਹੈ ਤਾਂ ਜ਼ਿਆਦਾਤਰ ਸਮੇਂ ਤੱਕ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀ ਉਸ ਦੀ ਨਿਗਰਾਨੀ ਨਹੀਂ ਕਰ ਸਕਦਾ। ਕੁਝ ਸਾਲ ਪਹਿਲਾਂ ਥਾਣਾ 5 ਵਿਚ ਇਕ ਹਵਾਲਾਤੀ ਨੇ ਕੱਚ ਦੀ ਬੋਤਲ ਆਪਣੇ ਢਿੱਡ ਵਿਚ ਮਾਰ ਲਈ। ਖੂਨ ਨਾਲ ਲੱਥਪੱਥ ਹਾਲਤ ਵਿਚ ਹਵਾਲਾਤੀ ਨੂੰ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਉਸ ਦੀ ਜਾਨ ਬਚਾਈ ਸੀ। ਜੇਕਰ ਉਸ ਦੀ ਮੌਤ ਹੋ ਜਾਂਦੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਤੇ ਦੋਸ਼ ਲਾਉਣੇ ਸਨ। ਥਾਣੇ ਵਿਚ ਤਾਇਨਾਤ ਪੁਲਸ ਦਾ ਕਹਿਣਾ ਹੈ ਕਿ ਹਵਾਲਾਤ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ।
ਦਿੱਲੀ ਹਾਈ ਕੋਰਟ ਦੇ ਸਖਤ ਹੁਕਮ
ਦਿੱਲੀ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਸ਼ਹਿਰ ਦੇ ਸਾਰੇ 192 ਪੁਲਸ ਥਾਣਿਆਂ ਅਤੇ ਹੋਰ ਜਨਤਕ ਸੰਵੇਦਨਸ਼ੀਲ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਹੋਣਾ ਜ਼ਰੂਰੀ ਹੈ। ਜਸਟਿਸ ਐੱਸ. ਰਵਿੰਦਰ ਭੱਟ ਅਤੇ ਜਸਟਿਸ ਸੰਜੀਵ ਸਚਦੇਵਾ ਦੀ ਬੈਂਚ ਨੇ ਦਿੱਲੀ ਪੁਲਸ ਅਤੇ 'ਆਪ' ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਥਾਣਿਆਂ ਅਤੇ ਜਨਤਕ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਕੰਮ ਸ਼ੁਰੂ ਕਰਨ। ਦੋਵਾਂ ਨੂੰ 16 ਨਵੰਬਰ ਤੱਕ ਹਲਫਨਾਮਾ ਦਾਇਰ ਕਰ ਕੇ ਕੈਮਰੇ ਲਗਾਉਣ ਪਿੱਛੋਂ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।