30 ਸਾਲ ਪੁਰਾਣੇ ਕੇਸ 'ਚ CBI ਦੀ ਵਿਸ਼ੇਸ ਅਦਾਲਤ ਨੇ ਸੇਵਾਮੁਕਤ IG, DSP ਤੇ SI ਨੂੰ ਸੁਣਾਈ 3-3 ਸਾਲ ਦੀ ਸਜ਼ਾ

07/23/2022 12:41:07 PM

ਮੋਹਾਲੀ (ਬਿਊਰੋ, ਪਰਦੀਪ) : ਅੰਮ੍ਰਿਤਸਰ ਨਿਵਾਸੀ ਸੁਰਜੀਤ ਸਿੰਘ ਦੇ ਅਗਵਾ ਅਤੇ ਗਾਇਬ ਹੋਣ ਨਾਲ ਸਬੰਧਿਤ ਕੇਸ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਸ ਦੇ ਸੇਵਾਮੁਕਤ ਆਈ. ਜੀ. ਬਲਕਾਰ ਸਿੰਘ, ਸੇਵਾਮੁਕਤ ਡੀ. ਐੱਸ. ਪੀ. ਊਧਮ ਸਿੰਘ ਅਤੇ ਐੱਸ. ਆਈ. ਸਾਹਿਬ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਾਰਿਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀਆਂ ਨੂੰ ਮੌਕੇ ’ਤੇ ਹੀ ਜ਼ਮਾਨਤ ਮਿਲ ਗਈ। ਇਹ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ। ਪਰਮਜੀਤ ਕੌਰ ਨਾਂ ਦੀ ਔਰਤ ਨੇ 1996 'ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ 7 ਮਈ 1992 ਨੂੰ ਉਸ ਦੇ ਪਿੰਡ ਭੋਰਸੀ ਰਾਜਪੂਤਾਂ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ ਪੁਲਸ ਨੇ ਘੇਰ ਲਿਆ ਸੀ।

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਮੋਗਾ ਦੀ ਕੁੜੀ ਨੇ ਅੱਧੀ ਰਾਤ ਘਰ ਬਾਹਰ ਕੀਤੀ ਖ਼ੁਦਕੁਸ਼ੀ

ਪੁਲਸ ਦੀ ਅਗਵਾਈ ਤਤਕਾਲੀ ਡੀ. ਐੱਸ. ਪੀ. ਬਲਕਾਰ ਕਰ ਰਹੇ ਸਨ। ਜੰਡਿਆਲਾ ਗੁਰੂ ਥਾਣੇ ਦੇ ਐੱਚ. ਐੱਸ. ਓ. ਊਧਮ ਸਿੰਘ ਅਤੇ ਏ. ਐੱਸ. ਆਈ. ਸਾਹਿਬ ਸਿੰਘ ਵੀ ਮੌਜੂਦ ਸਨ। ਜਦੋਂ ਸ਼ਾਮ ਨੂੰ ਪੁਲਸ ਵਾਪਸ ਗਈ ਤਾਂ ਉਹ ਪਿੰਡ ਦੇ 3 ਲੋਕਾਂ ਨੂੰ ਆਪਣੇ ਨਾਲ ਲੈ ਗਈ। ਇਸ 'ਚ ਉਸ ਦੇ ਪਤੀ ਸੁਰਜੀਤ ਸਿੰਘ ਤੋਂ ਇਲਾਵਾ ਜਤਿੰਦਰ ਸਿੰਘ ਅਤੇ ਪਰਮਜੀਤ ਸਿੰਘ ਸ਼ਾਮਲ ਸਨ। 15 ਦਿਨਾਂ ਬਾਅਦ ਜਤਿੰਦਰ ਸਿੰਘ ਘਰ ਪਰਤ ਆਇਆ, ਜਦੋਂ ਕਿ ਪਰਮਜੀਤ ਸਿੰਘ 4-5 ਮਹੀਨਿਆਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਉਸ ਦੇ ਪਤੀ ਨੂੰ ਰਿਹਾਅ ਨਹੀਂ ਕੀਤਾ ਗਿਆ। ਜਦੋਂ ਪੁਲਸ ਕੋਲੋਂ ਉਸਦੇ ਬਾਰੇ ਪੁੱਛਗਿੱਛ ਕੀਤੀ ਤਾਂ ਪੁਲਸ ਨੇ ਦਸਤਾਵੇਜ਼ਾਂ 'ਚ ਦਿਖਾਇਆ ਕਿ ਸੁਰਜੀਤ ਸਿੰਘ ਨੂੰ 8 ਮਈ 1992 ਨੂੰ ਪਿਸਤੌਲ ਅਤੇ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਥਾਣਾ ਜੰਡਿਆਲਾ ਗੁਰੂ 'ਚ ਮਾਮਲਾ ਦਰਜ ਕਰ ਲਿਆ ਗਿਆ। ਇਸ ਦੇ ਨਾਲ ਹੀ ਪੁਲਸ ਨੇ ਸੁਰਜੀਤ ਸਿੰਘ ਖ਼ਿਲਾਫ਼ ਇਕ ਹੋਰ ਕੇਸ ਦਰਜ ਕੀਤਾ, ਜਿਸ 'ਚ ਦੱਸਿਆ ਕਿ ਜਦੋਂ ਉਹ ਉਸ ਕੋਲੋਂ ਬਾਰੂਦ ਗੋਲਾ ਨੂੰ ਬਰਾਮਦ ਕਰਨ ਨੂੰ ਲੈ ਕੇ ਗਏ ਸਨ ਤਾਂ ਇਸ ਦੌਰਾਨ ਉਹ ਪੁਲਸ ਦੀ ਗ੍ਰਿਫ਼ਤ ਤੋਂ ਫ਼ਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਖ਼ੁਦ ਨਸ਼ੇ ਦੀ ਦਲਦਲ 'ਚ, ਲੁਧਿਆਣਾ 'ਚ ਡਿਊਟੀ ਦੇ ਰਿਹਾ ਹੈੱਡ ਕਾਂਸਟੇਬਲ ਭੁੱਕੀ ਸਣੇ ਗ੍ਰਿਫ਼ਤਾਰ

1 ਅਪ੍ਰੈਲ 2003 ’ਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਸ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ। ਅਦਾਲਤ ਨੇ ਸੀ. ਬੀ. ਆਈ. ਨੂੰ ਹੁਕਮ ਦਿੱਤਾ ਕਿ ਇਸ ਚੀਜ਼ ਦਾ ਪਤਾ ਲਾਇਆ ਜਾਵੇ ਪੁਲਸ ਵੱਲੋਂ ਪਟੀਸ਼ਨਕਰਤਾ ਦੇ ਪਤੀ ਨੂੰ ਮੁਕਾਬਲੇ ’ਚ ਮਾਰ ਦਿੱਤਾ ਹੈ ਜਾਂ ਉਹ ਪੁਲਸ ਦੀ ਹਿਰਾਸਤ ’ਚੋਂ ਭੱਜ ਗਿਆ। 27 ਮਈ 2003 ਨੂੰ ਸੀ. ਬੀ. ਆਈ. ਨੇ ਮਾਮਲਾ ਦਰਜ ਕੀਤਾ। ਸੀ. ਬੀ. ਆਈ. ਜਾਂਚ 'ਚ ਪੁਲਸ ਹਿਰਾਸ 'ਚੋਂ ਸੁਰਜੀਤ ਸਿੰਘ ਦੇ ਫ਼ਰਾਰ ਹੋਣ ਦਾ ਮਾਮਲਾ ਝੂਠਾ ਨਿਕਲਿਆ। ਜਾਂਚ 'ਚ ਸਾਹਮਣੇ ਆਇਆ ਕਿ ਸੁਰਜੀਤ ਸਿੰਘ ਨੂੰ ਪਿੰਡ ਵਾਲਿਆ ਦੀ ਮੌਜੂਦਗੀ ’ਚ ਪੁਲਸ ਲੈ ਕੇ ਗਈ ਸੀ। ਥਾਣੇ 'ਚ ਉਸ ਨੂੰ ਨਾਜਾਇਜ਼ ਹਿਰਾਸਤ 'ਚ ਰੱਖਿਆ ਗਿਆ। 8 ਮਈ 1992 ਦੀ ਦੁਪਹਿਰ ਨੂੰ ਪੁਲਸ ਉਸ ਨੂੰ ਮਾਲ ਮੰਡੀ ਅੰਮ੍ਰਿਤਸਰ ਪੁਛਗਿੱਛ ਕੇਂਦਰ ਲੈ ਗਈ, ਜਿੱਥੇ ਉਸ ’ਤੇ ਮੁੜ ਤਸ਼ੱਦਦ ਕੀਤਾ ਗਿਆ ਅਤੇ ਸੁਰਜੀਤ ਸਿੰਘ ਦੀ ਸਿਹਤ ਦੀ ਹਾਲਤ ਬਹੁਤ ਤਰਸਯੋਗ ਸੀ। ਭਾਵੇਂ ਕੁੱਝ ਦਿਨਾਂ ਬਾਅਦ ਹੀ ਜਤਿੰਦਰ ਸਿੰਘ ਨੂੰ ਪੁਲਸ ਨੇ ਰਿਹਾਅ ਕਰ ਦਿੱਤਾ ਸੀ ਪਰ ਬਾਅਦ 'ਚ ਪਰਮਜੀਤ ਸਿੰਘ ਨੂੰ ਇਕ ਹੋਰ ਕੇਸ 'ਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਬਾਅਦ 'ਚ ਅਦਾਲਤ ਦੇ ਹੁਕਮਾਂ ’ਤੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita