ਬਰਗਾੜੀ ਕਾਂਡ: ਸੀ. ਬੀ. ਆਈ. ਵਲੋਂ ਅਦਾਲਤ 'ਚ ਖਾਰਿਜ ਰਿਪੋਰਟ ਪੇਸ਼, ਸੁਣਵਾਈ 23 ਨੂੰ

07/14/2019 10:12:14 AM

ਮੋਹਾਲੀ (ਕੁਲਦੀਪ) - ਸੀ. ਬੀ. ਆਈ. ਵਲੋਂ ਪੰਜਾਬ 'ਚ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨਾਲ ਜੁੜੇ ਤਿੰਨ ਕੇਸਾਂ ਦੀ ਖਾਰਿਜ ਰਿਪੋਰਟ ਮੋਹਾਲੀ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਕਰ ਦਿੱਤੀ ਹੈ । ਜਾਣਕਾਰੀ ਮੁਤਾਬਕ ਸੀ. ਬੀ. ਆਈ. ਵਲੋਂ ਪੇਸ਼ ਕੀਤੀ ਗਈ ਇਸ ਖਾਰਿਜ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਰਿਪੋਰਟ ਸੀ. ਬੀ. ਆਈ. ਦਿੱਲੀ ਦੇ ਐੱਸ. ਪੀ. ਵਲੋਂ ਭੇਜੀ ਗਈ ਹੈ। ਅਦਾਲਤ ਵਲੋਂ ਕੇਸ ਦੀ ਅਗਲੀ ਸੁਣਵਾਈ 23 ਜੁਲਾਈ ਤੈਅ ਕੀਤੀ ਗਈ ਹੈ ਅਤੇ ਅਦਾਲਤ ਨੇ ਇਸ ਮਾਮਲੇ ਦੇ ਰਿਮਾਂਡ ਪੇਪਰ ਵੀ ਤਲਬ ਕਰ ਲਏ ਹਨ।

ਸੂਤਰਾਂ ਦੀ ਮੰਨੀਏ ਤਾਂ ਪੰਜਾਬ ਪੁਲਸ ਦੀ ਰਿਪੋਰਟ ਦੇ ਆਧਾਰ 'ਤੇ ਸੀ. ਬੀ. ਆਈ. ਵਲੋਂ ਇਸ ਕੇਸ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ, ਸੁਖਜਿੰਦਰ ਸਿੰਘ ਸੰਨੀ ਕੰਡਾ ਅਤੇ ਸ਼ਕਤੀ ਸਿੰਘ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ । ਭਾਵੇਂ ਕਿ ਸੀ. ਬੀ. ਆਈ. ਨੇ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿਛ ਵੀ ਕੀਤੀ ਪਰ ਅਦਾਲਤ ਵਿਚ ਚਲਾਨ ਪੇਸ਼ ਨਹੀਂ ਕੀਤਾ ਸੀ। ਹੁਣ ਇਸ ਕੇਸ ਵਿਚ ਕੋਈ ਪੁਖਤਾ ਸਬੂਤ ਨਾ ਮਿਲਣ ਕਾਰਨ ਏਜੰਸੀ ਨੇ ਇਹ ਖਾਰਿਜ ਰਿਪੋਰਟ ਪੇਸ਼ ਕਰ ਦਿੱਤੀ ਹੈ ।

ਰਾਜਨੀਤੀ ਗਰਮਾਈ, ਮੀਟਿੰਗ 15 ਨੂੰ
ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਨਿੰਦਰਪਾਲ ਬਿੱਟੂ ਦੀ ਬੀਤੇ ਦਿਨੀਂ 22 ਜੂਨ ਨੂੰ ਨਾਭਾ ਜੇਲ ਵਿਚ ਹੋਈ ਹੱਤਿਆ ਤੋਂ ਬਾਅਦ ਪੇਸ਼ ਕੀਤੀ ਗਈ ਇਸ ਖਾਰਿਜ ਰਿਪੋਰਟ ਤੋਂ ਤੁਰੰਤ ਬਾਅਦ ਰਾਜਨੀਤੀ ਵੀ ਗਰਮਾ ਗਈ ਹੈ। ਵੱਖ-ਵੱਖ ਸਿੱਖ ਸੰਗਠਨਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਕਾਲੀ ਦਲ ਟਕਸਾਲੀ ਦੇ ਨੇਤਾ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਏਜੰਸੀ ਵਲੋਂ ਅਦਾਲਤ ਵਿਚ ਪੇਸ਼ ਕੀਤੀ ਗਈ ਇਸ ਖਾਰਿਜ ਰਿਪੋਰਟ ਤੋਂ ਬਾਅਦ ਏਜੰਸੀ ਦੀ ਕਾਰਜ ਪ੍ਰਣਾਲੀ ਉੱਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਪੀਰ ਮੁਹੰਮਦ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਇਸ ਸਬੰਧ ਵਿਚ 15 ਜੁਲਾਈ ਨੂੰ ਮੋਹਾਲੀ ਵਿਚ ਇਕ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ। ਉਸ ਮੀਟਿੰਗ ਵਿਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

rajwinder kaur

This news is Content Editor rajwinder kaur