ਇੱਕੋ ਪਰਿਵਾਰ ਦੇ 4 ਲੋਕਾਂ ਨੂੰ ਨਹਿਰ ''ਚ ਧੱਕਾ ਦੇਣ ਵਾਲਾ ਦੋਸ਼ੀ ਕਰਾਰ, 28 ਨੂੰ ਮਿਲੇਗੀ ਸਜ਼ਾ

08/25/2018 1:29:35 PM

ਮੋਹਾਲੀ (ਕੁਲਦੀਪ) : ਇੱਥੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਇਕ ਪਰਿਵਾਰ ਦੇ 4 ਮੈਂਬਰਾਂ ਨੂੰ ਨਹਿਰ 'ਚ ਧੱਕਾ ਦੇ ਕੇ ਮਾਰਨ ਵਾਲੇ ਕੇਸ ਦੀ ਸੁਣਵਾਈ ਕਰਦੇ ਹੋਏ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਲਜ਼ਮ ਖੁਸ਼ਵਿੰਦਰ ਸਿੰਘ ਨੂੰ ਸਜ਼ਾ ਸੁਣਾਉਣ ਲਈ ਅਦਾਲਤ ਨੇ 28 ਅਗਸਤ ਦੀ ਤਰੀਕ ਮਿੱਥ ਦਿੱਤੀ ਹੈ। ਦੱਸਣਯੋਗ ਹੈ ਕਿ ਦੋਸ਼ੀ ਨੂੰ ਇਸ ਤੋਂ ਪਹਿਲਾਂ ਆਪਣੇ ਹੀ ਨਾਨਕੇ ਪਰਿਵਾਰ ਦੇ 6 ਮੈਂਬਰਾਂ ਨੂੰ ਮਾਰਨ ਵਾਲੇ ਕੇਸ 'ਚ ਫਾਂਸੀ ਦੀ ਸਜ਼ਾ ਵੀ ਸੁਣਾਈ ਹੋਈ ਹੈ। 

ਜਾਣਕਾਰੀ ਮੁਤਾਬਕ ਖੁਸ਼ਵਿੰਦਰ ਸਿੰਘ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸੁਹਾਵੀ ਦਾ ਰਹਿਣ ਵਾਲਾ ਹੈ। 3 ਜੂਨ, 2004 'ਚ ਉਸ ਨੇ ਫਤਿਹਗੜ੍ਹ ਸਾਹਿਬ ਦੇ ਹੀ ਪਿੰਡ ਨੌਗਾਵਾਂ ਦੇ ਰਹਿਣ ਵਾਲੇ ਇਕ ਪਰਿਵਾਰ ਦੇ 4 ਮੈਂਬਰਾਂ ਕੁਲਵੰਤ ਸਿੰਘ, ਉਸ ਦੀ ਪਤਨੀ ਹਰਜੀਤ ਕੌਰ, ਬੇਟੀ ਰਮਨਦੀਪ ਕੌਰ ਤੇ ਬੇਟੇ ਅਰਵਿੰਦਰ ਸਿੰਘ ਨੂੰ ਨਹਿਰ 'ਚ ਧੱਕਾ ਮਾਰ ਦਿੱਤਾ ਸੀ। ਉਹ ਇਸ ਪਰਿਵਾਰ ਨੂੰ ਨਹਿਰ 'ਤੇ ਇਹ ਕਹਿ ਕੇ ਲੈ ਗਿਆ ਸੀ ਕਿ ਉਹ ਕਿਸੇ ਤਾਂਤਰਿਕ ਦੇ ਕਹਿਣ 'ਤੇ ਉਨ੍ਹਾਂ ਨੂੰ ਅੱਧੀ ਰਾਤ ਨੂੰ ਨਹਿਰ ਕੰਢੇ ਬਿਠਾ ਕੇ ਖਵਾਜਾ ਪੀਰ ਦੀ ਪੂਜਾ ਕਰਾਉਣੀ ਚਾਹੁੰਦਾ ਹੈ। ਉੱਥੇ ਜਿਵੇਂ ਹੀ ਉਨ੍ਹਾਂ ਲੋਕਾਂ ਨੇ ਮੂੰਹ ਢਕੇ ਤਾਂ ਦੋਸ਼ੀ ਨੇ ਉਨ੍ਹਾਂ ਨੂੰ ਨਹਿਰ 'ਚ ਧੱਕਾ ਦੇ ਦਿੱਤਾ।

ਇਸ ਸਬੰਧੀ 5 ਜੂਨ, 2004 ਨੂੰ ਪੁਲਸ ਥਾਣੇ ਬੱਸੀ ਪਠਾਣਾ 'ਚ ਮ੍ਰਿਤਕ ਪਰਿਵਾਰ ਦੇ ਇਕ ਰਿਸ਼ਤੇਦਾਰ ਕੁਲਤਾਰ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕੀਤਾ ਗਿਆ ਸੀ। ਪੁਲਸ ਵਲੋਂ ਡੂੰਘਾਈ ਨਾਲ ਕੀਤੀ ਗਈ ਜਾਂਚ 'ਚ 2012 'ਚ ਮੁਲਜ਼ਮ ਖੁਸ਼ਵਿੰਦਰ ਸਿੰਘ ਦਾ ਪਤਾ ਲੱਗਾ। ਉਸ ਨੇ ਪੁਲਸ ਕੋਲ ਮੰਨਿਆ ਕਿ ਉਸ ਨੇ ਕੁਲਵੰਤ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਵੇਚੀ ਗਈ ਜ਼ਮੀਨ ਦੇ 12 ਲੱਖ ਰੁਪਏ ਹਥਿਆਉਣ ਲਈ ਪਰਿਵਾਰ ਨੂੰ ਮਾਰਿਆ ਸੀ।