ਸੀ. ਬੀ. ਆਈ. ਤੋਂ ਜਾਂਚ ਵਾਪਸ ਲੈ ਕੇ ਕੈਪਟਨ ਨੇ ਪੁਲਸ ਦਾ ਮਨੋਬਲ ਉੱਚਾ ਕੀਤਾ : ਮਾਨ

08/30/2018 8:23:05 AM

ਬਠਿੰਡਾ (ਵਰਮਾ)— ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੁੱਧਵਾਰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੈਪਟਨ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀ. ਬੀ. ਆਈ. ਤੋਂ ਵਾਪਸ ਲੈ ਕੇ ਪੰਜਾਬ ਦੇ ਬਹਾਦਰ ਪੁਲਸ ਅਧਿਕਾਰੀਆਂ ਦੇ ਹੱਥਾਂ 'ਚ ਦਿੱਤੀ ਹੈ, ਜਿਸ ਨਾਲ ਪੁਲਸ ਦਾ ਮਨੋਬਲ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਐੱਸ. ਆਈ. ਟੀ. ਤੋਂ ਜਾਂਚ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਨਾਲ ਹੁਣ ਸਿੱਖ ਕੌਮ ਨੂੰ ਇਨਸਾਫ ਮਿਲਣ ਦਾ ਰਸਤਾ ਖੁੱਲ੍ਹ ਗਿਆ ਹੈ ਕਿਉਂਕਿ ਸੀ. ਬੀ. ਆਈ. ਸਿੱਧੀ ਕੇਂਦਰ ਅਧੀਨ ਹੁੰਦੀ ਹੈ ਤੇ ਬੇਅਦਬੀ ਕਾਂਡ ਦਾ ਦੋਸ਼ੀ ਬਾਦਲ ਪਰਿਵਾਰ ਕੇਂਦਰ ਸਰਕਾਰ ਕੋਲ ਤਰਲੇ-ਮਿੰਨਤਾਂ ਕਰ ਕੇ ਦੋਸ਼ਾਂ ਤੋਂ ਆਪਣਾ ਪਿੱਛਾ ਛੁਡਾ ਲੈਂਦਾ।

ਮਾਨ ਨੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਸੱਚਾ ਹੁੰਦਾ ਤਾਂ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਕਾਂਗਰਸ ਤੇ ਆਪ ਦਾ ਸਾਹਮਣਾ ਕਰਦਾ ਪਰ ਉਹ ਤਾਂ ਭੱਜ ਨਿਕਲੇ ਤੇ ਬੁਜ਼ਦਿਲਾਂ ਵਾਂਗ ਵਿਧਾਨ ਸਭਾ ਦੇ ਬਾਹਰ ਬੈਠ ਕੇ ਡਰਾਮਾ ਕਰਦੇ ਰਹੇ। ਬਾਦਲ ਪਰਿਵਾਰ ਦੀ ਸੱਤਾ ਦੌਰਾਨ ਵੀ ਜਾਂਚ ਲਈ ਕਮਿਸ਼ਨ ਬਿਠਾਇਆ ਗਿਆ ਸੀ ਪਰ ਉਸ ਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਹੋਈ, ਜਿਸ ਦਾ ਸਿੱਧਾ ਮਤਲਬ ਹੈ ਕਿ ਬੇਅਦਬੀ ਕਾਂਡ ਦੇ ਉਹੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਸਿੱਖਾਂ 'ਤੇ ਜ਼ੁਲਮ ਕੀਤਾ ਅਤੇ ਉਨ੍ਹਾਂ 'ਤੇ ਹੀ ਰਾਜਨੀਤੀ ਕੀਤੀ, ਸਿੱਖਾਂ ਨੂੰ ਇਨਸਾਫ ਦੇਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦਿਆਂ ਮਾਨ ਨੇ ਕਿਹਾ ਕਿ ਬੇਅਦਬੀ ਕਾਂਡ ਦੀ ਰਿਪੋਰਟ ਜਨਤਕ ਹੋਣ ਦੇ ਬਾਵਜੂਦ ਕੈਪਟਨ ਨੇ ਮੁਲਜ਼ਮਾਂ 'ਤੇ ਮਾਮਲੇ ਨਾ ਦਰਜ ਕਰਨ ਦਾ ਮਤਾ ਪਾਸ ਕਰ ਕੇ ਬਾਦਲ ਪਰਿਵਾਰ ਦਾ ਪੱਖ ਲੈਂਦਿਆਂ ਉਨ੍ਹਾਂ ਨੂੰ ਰਾਹਤ ਦਿੱਤੀ, ਜਿਸ ਦੀ ਉਹ ਨਿੰਦਾ ਕਰਦੇ ਹਨ।