CBI ਨੇ ਬਰਗਾੜੀ ਮਾਮਲੇ ਦੀ ਜਾਂਚ ''ਚ ਫਿਰ ਪਾਈ ਰੁਕਾਵਟ : ਕੈਪਟਨ

03/06/2020 6:48:04 PM

ਜਲੰਧਰ,(ਧਵਨ)- ਸੀ. ਬੀ. ਆਈ. ਵਲੋਂ ਬਰਗਾੜੀ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ 'ਚ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਦੇ ਫੈਸਲੇ ਦਾ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਏਜੰਸੀ 'ਤੇ ਦੋਸ਼ ਲਾਇਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰਿਆਂ 'ਤੇ ਕੰਮ ਕਰਦਿਆਂ ਨਿਆਂ ਦੇ ਰਸਤੇ 'ਚ ਰੋੜਾ ਬਣ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦੀ ਸਹਿਯੋਗੀ ਪਾਰਟੀ ਹੈ। ਮੁੱਖ ਮੰਤਰੀ ਨੇ ਸੀ. ਬੀ. ਆਈ. ਵਲੋਂ ਮੁੜ ਵਿਚਾਰ ਪਟੀਸ਼ਨ ਦਰਜ ਕਰਨ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਅਸਲ 'ਚ ਸੀ. ਬੀ. ਆਈ. ਬਰਗਾੜੀ ਜਾਂਚ ਕੇਸ 'ਚ ਰੁਕਾਵਟ ਪਾ ਰਹੀ ਹੈ ਕਿਉਂਕਿ ਸੂਬਾ ਸਰਕਾਰ ਨੇ ਇਸ ਮਾਮਲੇ ਨੂੰ ਅੰਤਿਮ ਅੰਜਾਮ ਤਕ ਪਹੁੰਚਾਉਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਇਸ ਸਬੰਧ 'ਚ ਸੂਬਾ ਸਰਕਾਰ ਪਹਿਲਾਂ ਹੀ ਅਗਸਤ 2018 'ਚ ਵਿਧਾਨ ਸਭਾ 'ਚ ਪ੍ਰਸਤਾਵ ਨੂੰ ਪਾਸ ਕਰਵਾ ਚੁੱਕੀ ਹੈ। ਮੁੱਖ ਮੰਤਰੀ ਨੇ ਅਦਾਲਤ 'ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤ ਵਲੋਂ ਹਰ ਕੀਮਤ 'ਤੇ ਕਾਨੂੰਨ ਦੀ ਰੱਖਿਆ ਕੀਤੀ ਜਾਵੇਗੀ ਅਤੇ ਪੀੜਤਾਂ ਨੂੰ ਇਸ ਮਾਮਲੇ 'ਚ ਇਨਸਾਫ ਦਿਵਾਇਆ ਜਾਵੇਗਾ।

ਸੀ. ਬੀ. ਆਈ. ਨੇ ਮੋਹਾਲੀ ਦੇ ਵਿਸ਼ੇਸ਼ ਨਿਆਇਕ ਮੈਜਿਸਟ੍ਰੇਟ ਨੂੰ ਸੂਚਿਤ ਕੀਤਾ ਹੈ ਕਿ ਉਹ ਸੁਪਰੀਮ ਕੋਰਟ ਦੇ 20 ਫਰਵਰੀ ਦੇ ਫੈਸਲੇ ਖਿਲਾਫ ਮੁੜ ਵਿਚਾਰ ਪਟੀਸ਼ਨ ਦਰਜ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਸੀ. ਬੀ. ਆਈ. ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਉਸ ਦੇ ਬਾਅਦ ਸੂਬੇ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਬਰਗਾੜੀ ਮਾਮਲੇ 'ਚ ਜਾਂਚ ਨੂੰ ਫਿਰ ਤੋਂ ਸ਼ੁਰੂ ਕਰਨਾ ਸੀ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਵਲੋਂ ਮੁੜ ਵਿਚਾਰ ਪਟੀਸ਼ਨ ਦਰਜ ਕਰਨ ਦਾ ਫੈਸਲਾ ਅਸਲ 'ਚ ਜਾਂਚ 'ਚ ਦੇਰੀ ਕਰਨ ਲਈ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਦਲ ਨੂੰ ਇਸ ਮਾਮਲੇ 'ਚ ਵਿਸ਼ੇਸ਼ ਦਿਲਚਸਪੀ ਹੈ ਅਤੇ ਉਸ ਨੇ ਕੇਂਦਰ ਸਰਕਾਰ ਦੀ ਮਾਰਫਤ ਸੀ. ਬੀ. ਆਈ. 'ਤੇ ਦਬਾਅ ਪਵਾਇਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ 3 ਮਾਮਲਿਆਂ ਨੂੰ ਨਵੰਬਰ 2015 'ਚ ਜਾਂਚ ਲਈ ਸੀ. ਬੀ. ਆਈ. ਦੇ ਕੋਲ ਭੇਜਿਆ ਸੀ ਪਰ ਕਈ ਸਾਲਾਂ ਤਕ ਉਹ ਜਾਂਚ ਨੂੰ ਅੱਗੇ ਵਧਾ ਹੀ ਨਹੀਂ ਸਕੀ। ਬਾਅਦ 'ਚ ਸੀ. ਬੀ. ਆਈ. ਨੇ ਕਲੋਜ਼ਰ ਰਿਪੋਰਟ ਦਰਜ ਕਰਨ ਦਾ ਡਰਾਮਾ ਰਚਿਆ ਅਤੇ ਸੂਬਾ ਸਰਕਾਰ ਨੂੰ ਉਸ ਦੀ ਕਾਪੀ ਵੀ ਉਪਲੱਬਧ ਨਹੀਂ ਕਰਵਾਈ। 2 ਮਹੀਨਿਆਂ ਬਾਅਦ ਸੀ. ਬੀ. ਆਈ. ਨੇ ਮੁੜ ਯੂ-ਟਰਨ ਲੈਂਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਫਿਰ ਤੋਂ ਵੇਖਣਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਰਗਾੜੀ ਅਤੇ ਹੋਰ ਸਥਾਨਾਂ 'ਤੇ ਹੋਈਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ 'ਚ ਪੀੜਤਾਂ ਨੂੰ ਨਿਆਂ ਦਿਵਾਉਣ ਦੇ ਪੱਖ 'ਚ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰ ਕੇ ਅਕਾਲੀ ਕੁਝ ਸਮੇਂ ਤਕ ਤਾਂ ਜਾਂਚ ਨੂੰ ਹੋਰ ਅੱਗੇ ਪਾ ਸਕਦੇ ਹਨ ਪਰ ਨਿਆਂ ਨੂੰ ਲੰਮੇ ਸਮੇਂ ਤਕ ਰੋਕ ਨਹੀਂ ਸਕਣਗੇ।