ਪੁਲਸ ਦੀ ਪਹੁੰਚ ਤੋਂ ਬਾਹਰ ਹਨ ਕੈਸ਼ ਵੈਨ ਕਾਂਡ ਦੇ ਦੋਸ਼ੀ, 6 ਦਿਨ ਬਾਅਦ ਵੀ ਨਹੀਂ ਲੱਭ ਸਕੀ ਕੋਈ ਸੁਰਾਗ

09/09/2017 6:41:59 PM

ਝਬਾਲ(ਹਰਬੰਸ ਲਾਲੂਘੁੰਮਣ)— ਪੰਜਾਬ ਨੈਸ਼ਨਲ ਬੈਂਕ ਦੀ ਕੈਸ਼ ਵੈਨ ਜਿਸ ਨੂੰ ਬੀਤੇ ਸੋਮਵਾਰ ਨੂੰ ਸੰਗੀਨਾਂ ਦੀ ਛਾਂ ਹੇਠ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਇਸ ਮਾਮਲੇ ਨੂੰ ਅੰਜ਼ਾਮ ਦੇਣ ਵਾਲੇ ਲੁੱਟੇਰਿਆਂ ਦਾ ਪੁਲਸ 6 ਦਿਨ ਬੀਤ ਜਾਣ ਦੇ ਬਾਅਦ ਵੀ ਸੁਰਾਗ ਨਹੀਂ ਲਗਾ ਸਕੀ ਹੈ। ਗੌਰਤਲਬ ਹੈ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੇ ਕੈਸ਼ ਵੈਨ ਨੂੰ ਨਿਸ਼ਾਨਾ ਬਣਾਉਣ ਵਾਲੇ ਲੁੱਟੇਰਿਆਂ ਦੇ ਚਿਹਰੇ ਜਲਦ ਹੀ ਲੋਕਾਂ ਸਾਹਮਣੇ ਬੇ-ਪਰਦ ਕਰਨ ਦਾ ਦਾਅਵਾ ਕਰਦਿਆਂ ਸੀ.ਸੀ.ਟੀ.ਵੀ. ਫੁਟੇਜ 'ਚੋਂ ਸੁਰਾਗ ਖੰਘਾਲਣ ਦਾ ਹਵਾਲਾ ਦਿੰਦਿਆਂ ਕਈ ਅਹਿਮ ਖੁਲਾਸੇ ਕੀਤੇ ਸਨ ਪਰ ਸਿਤਮ-ਜਰੀਫੀ ਇਹ ਰਹੀ ਕਿ ਵਾਰਦਾਤ ਨੂੰ ਬੇਖੌਫ ਅੰਜ਼ਾਮ ਦੇਣ ਵਾਲੇ ਦੋਸ਼ੀ ਅੱਜ ਤੱਕ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਇਥੇ ਹੀ ਬੱਸ ਨਹੀਂ ਲੁਟੇਰਿਆਂ ਵੱਲੋਂ ਕੈਸ਼ ਵੈਨ ਨੂੰ ਲੁੱਟਣ ਲਈ ਜਿੱਥੇ ਸ਼ਰੇਆਮ ਗੋਲੀਆਂ ਵੀ ਚਲਾਈਆਂ ਗਈਆਂ, ਉਥੇ ਹੀ ਦੋ ਮੋਟਰਸਾਈਕਲਾਂ ਅਤੇ ਇਕ ਬ੍ਰੇਜਾ ਗੱਡੀ 'ਤੇ ਸਵਾਰ ਕੁੱਲ 7 ਲੁਟੇਰੇ ਆਖਿਰ ਕਿਸ ਗੁਫਾ 'ਚ ਜਾ ਛੁੱਪੇ ਹਨ ਪੁਲਸ ਦੀ ਸਮਝ ਤੋਂ ਬਾਹਰ ਦੀ ਗੱਲ ਸਮਝੀ ਜਾ ਰਹੀ ਹੈ। 
ਸ਼ਰੇਆਮ ਵਾਪਰ ਰਹੀਆਂ ਅਜਿਹੀਆਂ ਲੁੱਟਖੋਹ, ਚੋਰੀਆਂ, ਡਕੈਤੀਆਂ ਅਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਕਾਰਨ ਜਿੱਥੇ ਆਮ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਦੇ ਹੌਸਲੇ ਵੀ ਪੂਰੀ ਤਰ੍ਹਾਂ ਬੁਲੰਦ ਹਨ। ਦੱਸਣਾ ਬਣਦਾ ਹੈ ਕਿ ਬੀਤੀ 10 ਅਗਸਤ ਨੂੰ ਅੱਡਾ ਢੰਡ ਸਥਿਤ ਇਕ ਸੁਨਿਆਰੇ 'ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰਨ ਉਪਰੰਤ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਦਾ ਵੀ ਪੁਲਸ ਅਜੇ ਤੱਕ ਕੋਈ ਖੁਰਾਖੋਜ਼ ਨਹੀਂ ਲਗਾ ਸਕੀ। ਜਦ ਕਿ ਕੁਝ ਦਿਨ ਪਹਿਲਾਂ ਅੱਡਾ ਢੰਡ ਤੋਂ ਇਕ ਹਾਰਡਵੇਜ ਦੀ ਦੁਕਾਨ ਚੋਂ 8200 ਰੁਪਏ ਗੱਲੇ ਚੋਂ ਕੱਢ ਕੇ ਲੈ ਜਾਣ ਤੋਂ ਇਲਾਵਾ ਅੱਡਾ ਭਕਨਾ ਮੋੜ 'ਤੇ ਕਾਲਜ ਜਾਣ ਲਈ ਬਸ ਦੀ ਉਡੀਕ ਰਹੀ ਇਕ ਵਿਦਿਆਰਥਣ ਦਾ ਪਰਸ ਖੋਹ ਕੇ ਫਰਾਰ ਹੋਏ ਲੁਟੇਰਿਆਂ ਦਾ ਵੀ ਪੁਲਸ ਕੋਈ ਸੁਰਾਗ ਲਗਾਉਣ 'ਚ ਅਜੇ ਤੱਕ ਅਸਮਰਥ ਚਲੀ ਆ ਰਹੀ ਹੈ। ਜਦ ਕਿ ਬੀਤੇ ਕੱਲ•ਅੱਡਾ ਕੋਟ ਸਿਵਿਆਂ ਵਿਖੇ ਇਕ ਆਟਾ ਚੱਕੀ ਦੇ ਮਾਲਕ ਦੀਆਂ ਅੱਖਾਂ 'ਚ ਮਿਰਚਾਂ ਪਾਕੇ ਲੁੱਟ ਖੋਹ ਕਰਨ ਵਾਲੇ ਲੁਟੇਰੇ ਵੀ ਲੋਕਾਂ ਵੱਲੋਂ ਪੁਲਸ ਹਵਾਲੇ ਕੀਤੇ ਗਏ ਹਨ। ਜਿੰਨ੍ਹਾਂ ਨੇ ਪੁਲਸ ਕੋਲ ਮੰਨਿਆ ਹੈ ਉਹ ਫਾਈਨੈਂਸ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਆਉਂਦੇ ਇਕ ਵਿਅਕਤੀ ਨੂੰ ਲੁੱਟਣ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸਨ। ਕੁੱਲ ਮਿਲਾ ਕੇ ਵਾਪਰ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਵਪਾਰੀ ਵਰਗ, ਦੁਕਾਨਦਾਰਾਂ ਅਤੇ ਆਮ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ, ਉਥੇ ਹੀ ਪੁਲਿਸ ਵੱਲੋਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਨਾ ਪਾਈ ਜਾਣ ਕਰਕੇ ਕਾਨੂੰਨ ਨਾਲ ਖਿਲਵਾੜ ਕਰਨ ਵਾਲੇ ਅਪਰਾਧੀਆਂ ਦੇ ਹੌਸ਼ਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ
ਜਾਂਚ 'ਚ ਜੁਟੀ ਪੁਲਸ, ਸਫਲਤਾ ਮਿਲਣ ਦੀ ਆਸ: ਡੀ.ਐੱਸ.ਪੀ.
ਉੱਪ ਪੁਲਸ ਕਪਤਾਨ ਸਬ ਡਿਵੀਜ਼ਨ ਤਰਨਤਾਰਨ ਪਿਆਰਾ ਸਿੰਘ ਨੇ ਕਿਹਾ ਕਿ ਪੁਲਸ ਲੋਕਾਂ ਦੀ ਜਾਨ-ਮਾਲ ਦੀ ਹਫਾਜਤ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਡਾ ਢੰਡ ਸਥਿਤ ਸੁਨਿਆਰੇ ਦੀ ਲੁੱਟ ਅਤੇ ਕੈਸ਼ ਵੈਨ ਨੂੰ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ 'ਚ ਪੁਲਸ ਬਹੁਤ ਹੀ ਸੰਜ਼ੀਦਗੀ ਨਾਲ ਜਾਂਚ 'ਚ ਜੁਟੀ ਹੋਈ ਹੈ ਅਤੇ ਬਹੁਤ ਹੀ ਜਲਦ ਉਕਤ ਮਾਮਲਿਆਂ 'ਚ ਪੁਲਸ ਨੂੰ ਸਫਲਤਾ ਮਿਲਣ ਦੀ ਆਸ ਹੈ।