ਡੇਢ ਸਾਲਾ ਬੱਚੀ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਲੁੱਟਿਆ 50 ਤੋਲੇ ਸੋਨਾ ਤੇ ਨਕਦੀ

08/19/2017 2:45:03 AM

ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਪਿੰਡ ਕੈਰੇ ਵਿਖੇ ਬੀਤੀ ਰਾਤ 2 ਵਜੇ ਲੁਟੇਰਿਆਂ ਨੇ ਪਿੰਡ ਦੇ ਬਲਕਾਰ ਸਿੰਘ ਦੇ ਘਰ ਜੰਗਲ ਰਾਜ ਬਣਾਈ ਰੱਖਿਆ। ਲੁਟੇਰਿਆਂ ਨੇ ਘਰ 'ਚ ਇਕ ਡੇਢ ਸਾਲਾ ਬੱਚੀ ਪ੍ਰੀਤੀ ਪੁੱਤਰੀ ਸੁਖਵਿੰਦਰ ਸਿੰਘ ਨੂੰ ਪਿਸਤੌਲ ਦੀ ਨੋਕ 'ਤੇ ਬੰਦੀ ਬਣਾ ਲਿਆ ਤੇ ਘਰ ਦੀਆਂ ਔਰਤਾਂ ਨੂੰ ਸੋਨੇ ਦੇ ਗਹਿਣੇ ਤੇ ਨਕਦੀ ਦੱਸਣ ਲਈ ਮਜਬੂਰ ਕਰ ਦਿੱਤਾ। ਘਟਨਾ ਸਥਾਨ 'ਤੇ 65 ਸਾਲਾ ਬਜ਼ੁਰਗ ਔਰਤ ਕੁਲਦੀਪ ਕੌਰ ਪਤਨੀ ਬਲਕਾਰ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਹ, ਉਸ ਦੀ ਨੂੰਹ ਰਜਿੰਦਰ ਕੌਰ ਤੇ ਡੇਢ ਸਾਲਾ ਪੋਤਰੀ ਪ੍ਰੀਤੀ ਇਕ ਬੈੱਡ 'ਤੇ ਸੁੱਤੀ ਪਈ ਸੀ। ਉਨ੍ਹਾਂ ਦੇ ਸਾਰੇ ਕਮਰੇ ਚਾਰੇ ਪਾਸਿਓਂ ਬੰਦ ਸਨ। ਉਹ ਜਦੋਂ ਤੜਕਸਾਰ ਬਾਥਰੂਮ ਲਈ ਉੱਠੀ ਤਾਂ 2 ਨੌਜਵਾਨਾਂ ਨੇ ਮੇਰੇ ਸਿਰ 'ਤੇ ਪਿਸਤੌਲ ਰੱਖ ਦਿੱਤਾ। ਇਸ ਦੌਰਾਨ ਮੇਰੀ ਨੂੰਹ ਉੱਠ ਗਈ। ਉਸ ਨੂੰ ਵੀ ਇਨ੍ਹਾਂ ਲੁਟੇਰਿਆਂ ਨੇ ਕਿਰਪਾਨ ਨਾਲ ਡਰਾਉਂਦੇ ਹੋਏ ਮੇਰੀ ਪੋਤਰੀ ਨੂੰ ਚੁੱਕ ਲਿਆ ਤੇ ਕਿਹਾ ਕਿ ਸਾਨੂੰ ਗਹਿਣੇ ਤੇ ਨਕਦੀ ਦੱਸ ਦਿਓ, ਨਹੀਂ ਤਾਂ ਅਸੀਂ ਇਸ ਬੱਚੀ ਨੂੰ ਗੋਲੀ ਮਾਰ ਦੇਣੀ ਹੈ। ਅਸੀਂ ਉਨ੍ਹਾਂ ਨੂੰ ਸਾਮਾਨ ਬਾਰੇ ਸਭ ਕੁਝ ਦੱਸ ਦਿੱਤਾ। ਉਨ੍ਹਾਂ ਨੇ ਆਰਾਮ ਨਾਲ ਪੇਟੀ 'ਚੋਂ 50 ਤੋਲੇ ਸੋਨਾ, 60 ਹਜ਼ਾਰ ਰੁਪਏ ਨਕਦ, 20 ਡਾਲਰ ਵੀ ਕੱਢ ਲਏ ਤੇ ਰਸੋਈ 'ਚ ਪਈ ਸ਼ਰਾਬ ਦੀ ਬੋਤਲ ਵੀ ਲੈ ਗਏ। ਇਕ ਘੰਟਾ ਮੇਰੀ ਪੋਤਰੀ ਨੂੰ ਬੰਦੀ ਬਣਾਈ ਰੱਖਿਆ ਤੇ ਆਪਸ ਵਿਚ ਪੰਜਾਬੀ 'ਚ ਗੱਲਾਂ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਰਸੋਈ 'ਚੋਂ ਕੋਲਡ ਡਰਿੰਕ ਤੇ ਹੋਰ ਸਾਮਾਨ ਵੀ ਖਾਧਾ। 
ਇਕ ਘੰਟਾ 20 ਮਿੰਟ ਤੱਕ ਉਹ ਅੰਦਰ ਹੀ ਰਹੇ ਤੇ ਸਾਨੂੰ ਡਰਾਉਂਦੇ ਰਹੇ ਤੇ ਜਾਂਦੇ ਸਮੇਂ ਦਰਵਾਜ਼ੇ ਨੂੰ ਬਾਹਰੋਂ ਲਾਕ ਲਾ ਕੇ ਖਿੜਕੀ ਰਾਹੀਂ ਚਾਬੀਆਂ ਸੁੱਟ ਗਏ। ਇਹ ਵੀ 
ਕਹਿੰਦੇ ਰਹੇ ਕਿ ਜੇਕਰ ਪੁਲਸ ਜਾਂ ਗੁਆਂਢੀਆਂ ਨੂੰ ਸੂਚਿਤ ਕੀਤਾ ਤਾਂ ਅਸੀਂ ਤੁਹਾਨੂੰ 
ਦੁਬਾਰਾ ਆ ਕੇ ਮਾਰ ਦੇਵਾਂਗੇ। 
ਔਰਤਾਂ ਦੇ ਮੋਬਾਇਲਾਂ 'ਚੋਂ ਕੱਢ ਲਈਆਂ ਸਨ ਸਿਮਾਂ- ਬਜ਼ੁਰਗ ਔਰਤ ਕੁਲਦੀਪ ਕੌਰ ਦੀ ਨੂੰਹ ਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦੀਆਂ ਮੋਬਾਇਲ ਦੀਆਂ ਸਿਮਾਂ ਕੱਢ ਕੇ ਸੁੱਟ ਦਿੱਤੀਆਂ ਤੇ ਜਾਂਦੇ ਹੋਏ ਉਨ੍ਹਾਂ ਦੀ ਲੜਕੀ ਦੇ ਗਏ। 3.45 ਵਜੇ ਉਸ ਨੇ ਮੋਬਾਇਲ 'ਚ ਸਿਮ ਪਾ ਕੇ ਆਪਣੇ ਚਾਚੇ ਸਹੁਰੇ ਸੁਰਜੀਤ ਸਿੰਘ ਕੈਰੇ ਤੇ ਸੇਵਾ ਮੁਕਤ ਡੀ. ਐੱਸ. ਪੀ. ਗੁਰਮੀਤ ਸਿੰਘ ਨੂੰ ਸੂਚਿਤ ਕੀਤਾ, ਜੋ ਜਲਦੀ ਹੀ ਘਰ ਪਹੁੰਚ ਗਏ। ਅਸੀਂ ਉਨ੍ਹਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ਸਬੰਧੀ ਉਨ੍ਹਾਂ ਦੇ ਚਾਚਾ ਸਹੁਰਾ ਸੁਰਜੀਤ ਸਿੰਘ ਕੈਰੇ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ 'ਤੇ ਏ. ਐੱਸ. ਆਈ. ਜ਼ੈਲ ਸਿੰਘ ਪਹੁੰਚ ਗਏ। 
ਕੀ ਕਹਿੰਦੀ ਹੈ ਪੁਲਸ- ਇਸ ਸਬੰਧ 'ਚ ਡੀ. ਐੱਸ. ਪੀ. ਦਸੂਹਾ ਰਜਿੰਦਰ ਕੁਮਾਰ ਸ਼ਰਮਾ ਤੇ ਥਾਣਾ ਮੁਖੀ ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰ ਪਹਿਲੂ 'ਤੇ ਜਾਂਚ ਕਰ ਰਹੇ ਹਾਂ। ਇਸ ਸਬੰਧੀ ਡਾਗ ਸਕੁਐਡ ਤੇ ਫਿੰਗਰ ਪ੍ਰਿੰਟ ਮਾਹਿਰ ਵੀ ਮੰਗਵਾਏ ਗਏ ਜਦਕਿ ਡਾਗ ਸਕੁਐਡ ਕੰਧ ਟੱਪ ਕੇ ਖੇਤਾਂ 'ਚੋਂ ਹੋ ਕੇ ਪਿੰਡ ਵੱਲ ਗਏ, ਜਿਥੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। 
ਇਹ ਵੀ ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਦੇ ਹਥਿਆਰਾਂ ਦੀ ਇਨ੍ਹਾਂ ਲੁਟੇਰਿਆਂ ਨੇ ਵਰਤੋਂ ਕੀਤੀ ਹੈ, ਉਹ ਨਜ਼ਦੀਕ ਤੋਂ ਹੀ ਬਰਾਮਦ ਕੀਤੇ ਗਏ ਹਨ, ਜਿਸ ਸਬੰਧੀ ਜਾਂਚ ਚੱਲ ਰਹੀ ਹੈ ਪਰ ਪੁਲਸ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਲਈ ਤਿਆਰ ਨਹੀਂ ਤੇ ਨਾ ਹੀ ਉਨ੍ਹਾਂ ਇਸ ਸਬੰਧੀ ਕੋਈ ਪੁਸ਼ਟੀ ਕੀਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਜ਼ੈਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।