ਘਰ ''ਚੋਂ ਨਕਦੀ, ਗਹਿਣੇ ਤੇ ਮੋਬਾਇਲ ਚੋਰੀ

10/14/2017 6:50:57 AM

ਸ਼ਾਹਪੁਰ ਜਾਜਨ, (ਰਿਆੜ)- ਬੀਤੀ ਰਾਤ ਚੋਰਾਂ ਵੱਲੋਂ ਇਕ ਘਰ 'ਚੋਂ ਨਕਦੀ, ਗਹਿਣੇ ਅਤੇ ਮੋਬਾਇਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੀ ਮਾਲਕਣ ਕੰਵਲਜੀਤ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਸ਼ਾਹਪੁਰ ਜਾਜਨ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪਰਿਵਾਰ ਸਮੇਤ ਇਕ ਧਾਰਮਿਕ ਸਮਾਗਮ ਵਿਚ ਗਈ ਹੋਈ ਸੀ, ਜਦੋਂ ਅਸੀਂ ਘਰ ਵਾਪਸ ਆਏ ਤਾਂ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕੁਝ ਅਣਪਛਾਤੇ ਚੋਰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਕਮਰੇ ਵਿਚ ਪਈ ਅਲਮਾਰੀ ਦਾ ਲਾਕਰ ਤੋੜ ਕੇ ਸੋਨੇ ਦੇ ਗਹਿਣੇ, 3000 ਰੁਪਏ ਦੀ ਨਕਦੀ ਅਤੇ 2 ਮੋਬਾਇਲ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਉਨ੍ਹਾਂ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।