ਦੁਕਾਨ ''ਚੋਂ ਨਕਦੀ ਅਤੇ ਸਾਮਾਨ ਚੋਰੀ, ਅਣਪਛਾਤੇ ਨਾਮਜ਼ਦ

08/20/2017 3:47:01 AM

ਬਠਿੰਡਾ,   (ਸੁਖਵਿੰਦਰ)-  ਚੋਰ ਅਜੀਤ ਰੋਡ 'ਤੇ ਸਥਿਤ ਇਕ ਰੰਗ—ਰੋਗਨ ਦੀ ਦੁਕਾਨ 'ਚ ਪਾੜ ਲਾ ਕੇ ਦੁਕਾਨ 'ਚੋਂ ਨਕਦੀ ਅਤੇ ਸਾਮਾਨ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸਮਾਜ ਸੇਵੀ ਸੇਵਾ ਰਾਮ ਸਿੰਗਲਾ ਨੇ ਦੱਸਿਆ ਕਿ ਉਹ ਅਜੀਤ ਰੋਡ ਗਲੀ ਨੰਬਰ 12 'ਚ ਰੰਗ-ਰੋਗਨ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ। ਸਵੇਰੇ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਦੁਕਾਨ ਦਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਚੋਰ ਗੱਲੇ 'ਚੋਂ ਨਕਦੀ ਆਦਿ ਸਾਮਾਨ ਚੋਰੀ ਕਰ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਥਾਣਾ ਸਿਵਲ ਲਾਈਨ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ।  
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ 'ਤੇ 2 ਵਾਰ ਚੋਰੀ ਹੋ ਚੁੱਕੀ ਹੈ ਪਰ ਅਜੇ ਤੱਕ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ। ਚੋਰ ਲਗਭਗ 10 ਹਜ਼ਾਰ ਨਕਦ ਤੇ ਸਾਮਾਨ ਚੋਰੀ ਕਰ ਕੇ ਲੈ ਗਏ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।