ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

11/17/2017 7:21:14 AM

ਪੱਟੀ,   (ਸੌਰਭ)-  ਸ਼ਹਿਰ 'ਚ ਬੀਤੇ ਸਮੇਂ ਚੋਰ ਸਰਗਰਮ ਰਹੇ, ਨਿੱਤ ਦਿਨ ਚੋਰੀਆਂ ਹੁੰਦੀਆਂ ਰਹੀਆਂ ਤੇ ਹੁਣ ਕੁੱਝ ਚਿਰ ਚੋਰੀਆਂ ਬੰਦ ਰਹਿਣ ਤੋਂ ਬਾਅਦ ਫਿਰ ਚੋਰ ਸਰਗਰਮ ਹੋ ਗਏ ਹਨ, ਜਿਨ੍ਹਾਂ ਨੇ ਸ਼ਹਿਰ ਦੀ ਵਾਰਡ ਨੰ. ਅੱਠ 'ਚੋਂ ਦਿਨ-ਦਿਹਾੜੇ ਜਿੰਦਰੇ ਤੋੜ ਕੇ ਨਕਦੀ ਤੇ ਸੋਨੇ 'ਤੇ ਹੱਥ ਸਾਫ ਕੀਤੇ। 
ਇਸ ਸਬੰਧੀ ਸਰਵਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਵਾਰਡ ਨੰ. 8 ਪੱਟੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਕਿਸੇ ਕੰਮ ਲਈ ਅੰਮ੍ਰਿਤਸਰ ਗਿਆ ਹੋਇਆ ਸੀ ਅਤੇ ਉਸ ਦੇ ਪਿਤਾ ਜਸਵੰਤ ਸਿੰਘ ਖੇਤ ਗਏ ਹੋਏ ਸਨ ਤਾਂ ਮਗਰੋਂ ਕੋਈ ਚੋਰ ਘਰ ਦੇ ਜਿੰਦਰੇ ਤੋੜ ਕੇ ਘਰ 'ਚੋਂ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਿਆ। 
ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਸਬੰਧੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ, (ਰਾਜੂ)-ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ 16 ਤੋਲੇ ਸੋਨਾ, 64,500 ਰੁਪਏ ਨਕਦ ਰਾਸ਼ੀ ਚੋਰੀ ਕਰਨ ਦੇ ਦੋਸ਼ ਹੇਠ ਚੋਰਾਂ ਖਿਲਾਫ ਜੁਰਮ 380, 457 ਅਧੀਨ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਦਿੰਦੇ ਹੋਏ ਮੁਦਈ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰਾਹਲ ਚਾਹਲ ਨੇ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ਰੋਟੀ ਖਾ ਕੇ ਸੌਂ ਗਿਆ ਤੇ ਜਦ ਅਸੀਂ ਸਵੇਰੇ ਉਠ ਕੇ ਵੇਖਿਆ ਤਾਂ ਘਰ ਦੀ ਬੈਠਕ 'ਚ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਮਾਨ ਖਿਲਰਿਆ ਪਿਆ ਸੀ। 
ਚੈੱਕ ਕਰਨ 'ਤੇ ਇਕ ਸੋਨੇ ਦਾ ਹਾਰ 6 ਤੋਲੇ, ਸੋਨੇ ਦੀਆਂ 2 ਚੂੜੀਆਂ 3 ਤੋਲੇ, ਕਾਂਟੇ ਤੇ ਛਾਪ ਇਕ ਤੋਲਾ, ਤਿੰਨ ਕੜੇ 3 ਤੋਲੇ, ਚੇਨ ਢਾਈ ਤੋਲੇ, ਛਾਪ ਅੱਧਾ ਤੋਲਾ ਤੇ ਚਾਂਦੀ ਦੇ ਕੜੇ ਤਿੰਨ ਜੋੜੇ, ਨਕਦ ਕੈਸ਼ 60,000 ਰੁਪਏ ਤੇ ਇਕ ਪਰਸ ਸਮੇਤ 4500 ਰੁਪਏ ਅਣਪਛਾਤੇ ਚੋਰ ਚੋਰੀ ਕਰ ਕੇ ਲੈ ਗਏ। ਇਸ ਮੌਕੇ ਤਫਤੀਸ਼ੀ ਅਫਸਰ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਹੋਈ ਚੋਰੀ ਦਾ ਜਾਇਜ਼ਾ ਲਿਆ।