ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਦਾ ਮਾਮਲਾ ਦਰਜ

09/22/2017 5:33:36 AM

ਨਵਾਂਸ਼ਹਿਰ, (ਤ੍ਰਿਪਾਠੀ)- ਵਿਦੇਸ਼ ਭੇਜਣ ਦੇ ਨਾਂ 'ਤੇ 8.35 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਪੁਲਸ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਦੇ ਪ੍ਰਧਾਨ ਡਾ. ਰਮੇਸ਼ ਬਾਲੀ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਜਸਵੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਰਾਣੇਵਾਲ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਏਵਨਜੋਤ ਸਿੰਘ ਨੂੰ ਪੜ੍ਹਾਈ ਦੇ ਆਧਾਰ 'ਤੇ ਆਸਟ੍ਰੇਲੀਆ ਭੇਜਣ ਲਈ ਡਾ. ਰਮੇਸ਼ ਕੁਮਾਰ ਬਾਲੀ ਵਾਸੀ ਲੰਗੜੋਆ ਨਾਲ ਸੌਦਾ ਕੀਤਾ ਸੀ।
ਜੂਨ-2016 ਵਿਚ ਉਕਤ ਏਜੰਟ ਨੂੰ 8.35 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ, ਜਿਸ ਨੇ 3 ਮਹੀਨਿਆਂ 'ਚ ਲੜਕੇ ਨੂੰ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਈ-2016 ਨੂੰ ਉਸ ਦਾ ਲੜਕਾ ਹੋਰ 6 ਲੜਕਿਆਂ ਨਾਲ ਸ਼ਿਮਲਾ ਘੁੰਮਣ ਗਿਆ ਸੀ। ਸ਼ਿਮਲਾ ਵਿਚ ਬੱਦਲ ਫਟਣ ਦੀ ਵਾਪਰੀ ਘਟਨਾ 'ਚ ਉਸ ਦੇ ਲੜਕੇ ਸਮੇਤ 5 ਨੌਜਵਾਨਾਂ ਦੀ ਮੌਤ ਹੋ ਗਈ ਸੀ। ਡਾ. ਬਾਲੀ ਨੂੰ ਕਈ ਵਾਰ ਪੈਸੇ ਵਾਪਸ ਕਰਨ ਦੀ ਅਪੀਲ ਕੀਤੀ ਗਈ ਪਰ ਉਹ ਲਗਾਤਾਰ ਟਾਲ-ਮਟੋਲ ਕਰਦਾ ਰਿਹਾ। ਫਿਰ ਉਕਤ ਏਜੰਟ ਨੇ ਉਸ ਨੂੰ 8 ਲੱਖ ਰੁਪਏ ਦੇ ਚੈੱਕ ਦਿੱਤੇ, ਜੋ ਬੈਂਕ 'ਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਏ। ਉਪਰੰਤ ਮਾਮਲੇ ਦੀ ਜਾਂਚ ਹੋਈ, ਦਿਸ ਦੀ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਡਾ. ਰਮੇਸ਼ ਬਾਲੀ ਖਿਲਾਫ਼ ਠੱਗੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡਾ. ਰਮੇਸ਼ ਬਾਲੀ ਨੂੰ ਪਹਿਲਾਂ ਹੀ ਇਕ ਹੋਰ ਠੱਗੀ ਦੇ ਮਾਮਲੇ 'ਚ ਗ੍ਰਿਫਤਾਰ ਕਰ ਕੇ ਪੁਲਸ ਨੇ ਜੇਲ ਭੇਜਿਆ ਹੈ।