ਬਿੱਟ ਕੁਆਇਨ ਰਾਹੀਂ ਅਗਵਾਕਾਰਾਂ ਨੇ ਮੰਗੀ ਸੀ ਫਿਰੌਤੀ

06/29/2017 8:10:22 AM

ਮੋਹਾਲੀ  (ਕੁਲਦੀਪ) - ਜ਼ਿਲਾ ਪਟਿਆਲਾ ਦੇ ਕਸਬਾ ਬਨੂੜ ਦੇ ਆੜ੍ਹਤੀ ਆਸ਼ੁ ਜੈਨ ਨੂੰ ਅਗਵਾ ਕਰਕੇ ਲੱਖਾਂ ਦੀ ਫਿਰੌਤੀ ਮੰਗਣ ਵਾਲੇ ਅਗਵਾਕਾਰ ਬਿੱਟ ਕੁਆਇਨ ਰਾਹੀਂ ਫਿਰੌਤੀ ਮੰਗ ਰਹੇ ਸਨ । ਬਿੱਟ ਕੁਆਇਨ ਰਾਹੀਂ ਫਿਰੌਤੀ ਮੰਗਣ ਦੇ ਪਿੱਛੇ ਮਕਸਦ ਇਹ ਸੀ ਕਿ ਅਗਵਾਕਾਰ ਫੜੇ ਨਾ ਜਾ ਸਕਣ ਕਿਉਂਕਿ ਜੇਕਰ ਅਗਵਾਕਾਰ ਇੰਡੀਅਨ ਕਰੰਸੀ 'ਚ ਫਿਰੌਤੀ ਮੰਗਦੇ ਤਾਂ ਉਨ੍ਹਾਂ ਨੂੰ ਫਿਰੌਤੀ ਲੈਣ ਲਈ ਖੁਦ ਚੱਲ ਕੇ ਜਾਣਾ ਪੈਣਾ ਸੀ ਪਰ ਬਿੱਟ ਕੁਆਇਨ ਤਾਂ ਇੰਟਰਨੈੱਟ ਰਾਹੀਂ ਉਨ੍ਹਾਂ ਕੋਲ ਪਹੁੰਚ ਜਾਣੇ ਸਨ।
ਪੁਲਸ ਵਲੋਂ ਇਸ ਕੇਸ 'ਚ ਸਾਰੇ ਮੁਲਜ਼ਮਾਂ ਦੀਪਕ ਸ਼ਰਮਾ ਅੰਮ੍ਰਿਤਸਰ, ਮਨਦੀਪ ਸਿੰਘ ਮੌਂਟੂ, ਬਲਰਾਜ ਸਿੰਘ ਬੌਬੀ, ਸੁਖਦੇਵ ਸਿੰਘ ਲੱਡੂ ਨਿਵਾਸੀ ਸਿਧਵਾਂ ਭੱਟੀ, ਤਰਨਤਾਰਨ, ਮਲਕੀਤ ਸਿੰਘ ਜੰਡਿਆਲਾ ਗੁਰੂ (ਤਰਨਤਾਰਨ) ਤੇ ਅੰਮ੍ਰਿਤ ਸਿੰਘ ਦਾ ਪੰਜ ਦਿਨਾ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਫਿਰ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ । ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਫਿਰ ਪੰਜ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ । ਕੇਸ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਰੁਪਿੰਦਰ ਸਿੰਘ ਨੇ ਪੁਲਸ ਰਿਮਾਂਡ ਦੀ ਪੁਸ਼ਟੀ ਕੀਤੀ ਹੈ ।
ਅਦਾਲਤ 'ਚ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਪੁਲਸ ਨੇ ਪੁਲਸ ਰਿਮਾਂਡ ਮੰਗਦੇ ਹੋਏ ਦਲੀਲ ਦਿੱਤੀ ਕਿ ਮੁਲਜ਼ਮਾਂ ਤੋਂ ਪੁਲਸ ਨੇ ਅਜੇ ਹੋਰ ਪੁੱਛਗਿੱਛ ਕਰਨੀ ਹੈ, ਜਿਸ 'ਚ ਮੁਲਜ਼ਮਾਂ ਦੀ ਆਵਾਜ਼ ਦੀ ਜਾਂਚ ਕਰਵਾਉਣੀ ਬਾਕੀ ਹੈ, ਤਾਂ ਕਿ ਫਿਰੌਤੀ ਲਈ ਮੋਬਾਇਲ ਫੋਨ ਕਰਨ ਵਾਲੇ ਮੁਲਜ਼ਮ ਦਾ ਪਤਾ ਲਾਇਆ ਜਾ ਸਕੇ।
ਇਸ ਤੋਂ ਇਲਾਵਾ ਬਨੂੜ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਫਿਰੌਤੀ ਬਿੱਟ ਕੁਆਇਨ ਰਾਹੀਂ ਮੰਗੀ ਸੀ, ਜਿਸ 'ਤੇ ਆੜ੍ਹਤੀ ਦੇ ਪਰਿਵਾਰ ਵਾਲਿਆਂ ਨੇ ਇਕ ਬਿੱਟ ਕੁਆਇਨ ਉਨ੍ਹਾਂ ਨੂੰ ਟਰਾਂਸਫਰ ਵੀ ਕਰ ਦਿੱਤਾ ਸੀ ਤੇ ਉਨ੍ਹਾਂ ਨੇ 20 ਬਿੱਟ ਕੁਆਇਨ ਮੰਗੇ ਸਨ । ਇਸ ਪੁਲਸ ਰਿਮਾਂਡ ਦੌਰਾਨ ਪੁਲਸ ਹੁਣ ਉਹ ਬਿੱਟ ਕੁਆਇਨ ਵੀ ਬਰਾਮਦ ਕਰੇਗੀ ।