ਪੰਜਾਬ ਪੁਲਸ ਵਲੋਂ ਸੋਸ਼ਲ ਮੀਡੀਆ ''ਤੇ ਭਰਤੀ ਦੇ ਜਾਅਲੀ ਇਸ਼ਤਿਹਾਰ ਖਿਲਾਫ ਕੇਸ ਦਰਜ

09/24/2017 7:07:55 AM

ਚੰਡੀਗੜ੍ਹ - ਪੰਜਾਬ ਪੁਲਸ ਨੇ ਸੋਸ਼ਲ ਮੀਡੀਆ 'ਤੇ ਭਰਤੀ ਲਈ ਦਿੱਤੇ ਜਾਅਲੀ ਇਸ਼ਤਿਹਾਰ ਰਾਹੀਂ ਲੋਕਾਂ ਅਤੇ ਸਰਕਾਰ ਨੂੰ ਧੋਖਾ ਦੇਣ ਦੇ ਮਾਮਲੇ ਵਿਚ ਅਣਪਛਾਤੇ ਲੋਕਾਂ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਸ ਦੀਆਂ ਖਾਲੀ ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਹੋਣ ਬਾਰੇ ਇਕ ਨਕਲੀ ਪੋਸਟ ਸੋਸ਼ਲ ਮੀਡੀਆ 'ਤੇ ਚਲ ਰਿਹਾ ਹੈ, ਜਿਸ ਦਾ ਮਕਸਦ ਨੌਜਵਾਨਾਂ ਤੋਂ ਜਾਅਲਸਾਜ਼ੀ ਰਾਹੀਂ ਪੈਸਾ ਕਮਾਉਣਾ ਅਤੇ ਸਰਕਾਰ ਨੂੰ ਧੋਖਾ ਦੇਣਾ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਸ ਹਮੇਸ਼ਾ ਭਰਤੀ ਲਈ ਜਨਤਕ ਇਸ਼ਤਿਹਾਰ ਜਾਰੀ ਕਰਦੀ ਹੈ ਅਤੇ ਭਰਤੀ ਸਬੰਧੀ ਸੂਚਨਾ ਨੂੰ ਆਪਣੇ ਵੈੱਬ ਪੋਰਟਲ 'ਤੇ ਵੀ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਸਾਲ ਲਈ ਕਿਸੇ ਵੀ ਕਾਡਰ ਦੀ ਭਰਤੀ ਜਾਂ ਰੁਜ਼ਗਾਰ ਲਈ ਪੰਜਾਬ ਪੁਲਸ ਵੱਲੋਂ ਅਜਿਹਾ ਕੋਈ ਵੀ ਇਸ਼ਤਿਹਾਰ ਜਾਂ ਸੂਚਨਾ ਨਹੀਂ ਦਿੱਤੀ ਗਈ।
ਬੁਲਾਰੇ ਨੇ ਲੋਕਾਂ ਨੂੰ ਅਜਿਹੇ ਧੋਖਾਦੇਹੀ ਵਾਲੇ ਸੰਦੇਸ਼ਾਂ ਜਾਂ ਸੋਸ਼ਲ ਮੀਡੀਆ 'ਤੇ ਚਲਦੀਆਂ ਪੋਸਟਾਂ ਨੂੰ ਅਣਡਿੱਠ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਪੁਲਸ ਵਿਚ ਅਜਿਹੇ ਕਿਸੇ ਤਰ੍ਹਾਂ ਵੀ ਰੁਜ਼ਗਾਰ ਜਾਂ ਭਰਤੀ ਦਾ ਦਾਅਵਾ ਜਾਂ ਵਾਅਦਾ ਕਰਦਾ ਹੈ ਤਾਂ ਉਸ ਵਿਅਕਤੀ ਖਿਲਾਫ਼ ਤੁਰੰਤ ਨਜ਼ਦੀਕੀ ਪੁਲਸ ਥਾਣੇ ਜਾਂ ਕਿਸੇ ਵੀ ਨੇੜਲੇ ਪੁਲਸ ਅਧਿਕਾਰੀ ਨੂੰ ਸੂਚਿਤ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਇਸ ਸਬੰਧੀ ਆਈ. ਪੀ. ਸੀ. ਦੀ ਧਾਰਾ 420, 419, 465, 468, 471 ਅਤੇ ਆਈ. ਟੀ. ਕਾਨੂੰਨ ਦੀ ਧਾਰਾ 66 ਤੇ 66-ਡੀ ਤਹਿਤ ਸਾਈਬਰ ਕ੍ਰਾਈਮ ਥਾਣਾ ਐੱਸ. ਏ. ਐੱਸ. ਵਿਚ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ।