ਜਾਅਲੀ ਰਜਿਸਟਰੀਆਂ ਤਿਆਰ ਕਰਵਾ ਮਾਰੀ ਕਰੋੜਾਂ ਦੀ ਠੱਗੀ, 11 ਨਾਮਜ਼ਦ

04/05/2018 9:38:37 PM

ਫਗਵਾੜਾ (ਹਰਜੋਤ)— ਪ੍ਰਵਾਸੀ ਭਾਰਤੀ ਪਰਿਵਾਰ ਦੀ ਇੱਥੇ ਉਂਕਾਰ ਨਗਰ ਵਿੱਖੇ ਪਈ 15.68 ਏਕੜ ਜਮੀਨ ਦੇ ਜਾਅਲੀ ਕਾਗਜਾਤ ਤਿਆਰ ਕਰਕੇ 2 ਕਰੋੜ 28 ਲੱਖ 92 ਹਜ਼ਾਰ 200 ਰੁਪਏ ਦੀ ਰਾਸ਼ੀ ਹੜੱਪ ਕਰਨ ਦੇ ਦੋਸ਼ 'ਚ ਸਿਟੀ ਪੁਲਸ ਨੇ ਤਹਿਸੀਲਦਾਰ, ਪਟਵਾਰੀ ਤੇ ਵਸੀਕਾ ਨਵੀਸ ਸਮੇਤ 11 ਜਣਿਆਂ ਖਿਲਾਫ਼ ਧਾਰਾ 420, 467, 468, 471, 120-ਬੀ ਅਧੀਨ ਕੇਸ ਦਰਜ ਕੀਤਾ ਹੈ।
ਜਮੀਨ ਮਾਲਕ ਕੈਨੇਡਾ ਵਾਸੀ ਹਰਦੀਪ ਸਿੰਘ ਮਾਨ, ਪ੍ਰਭਦਿਆਲ ਸਿੰਘ, ਪਰਮਵੀਰ ਸਿੰਘ ਮਾਨ, ਕਮਲਜੀਤ ਕੌਰ, ਗੁਰਮੀਤ ਕੌਰ ਦੇ ਮੁਖਤਿਆਰ ਸੁਖਜਿੰਦਰ ਸਿੰਘ ਭੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਸਾਊਥ ਐਵਨਿਊ ਸਕੀਮ ਅਧੀਨ 10-11-2010 ਨੂੰ ਇਸ ਦਾ ਕਬਜ਼ਾ ਲੈ ਲਿਆ ਸੀ ਅਤੇ ਮਾਲ ਵਿਭਾਗ ਦੇ ਰਿਕਾਰਡ 'ਚ ਇਸ ਸਬੰਧੀ ਨੋਟਿੰਗ ਲੱਗ ਗਈ ਸੀ ਪਰ ਕੁੱਝ ਲੋਕਾਂ ਨੇ ਜਾਅਲੀ ਅਟਾਰਨੀਆਂ ਦੇ ਕਾਗਜ ਤਿਆਰ ਕਰਕੇ ਅਫ਼ਸਰਾ ਦੀ ਮਿਲੀ ਭੁਗਤ ਨਾਲ ਇਸ ਦੀਆਂ ਰਜਿਸਟਰੀਆਂ ਕਰਵਾ ਕੇ ਇੰਤਕਾਲ ਵੀ ਕਰਵਾ ਲਏ ਅਤੇ ਮਿਲੇ ਪੈਸੇ ਵੀ ਹੜੱਪ ਲਏ।
ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਕੇਸ ਦਰਜ ਕਰਵਾਉਣ ਲਈ ਪਿੱਛਲੇ 8 ਸਾਲ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਹੁਣ ਮਾਨਯੋਗ ਡੀ.ਜੀ.ਪੀ. ਦੇ ਹੁਕਮਾ 'ਤੇ ਜਿਨ੍ਹਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ 'ਚ ਤਹਿਸੀਲਦਾਰ ਹਰਵਿੰਦਰ ਸਿੰਘ, ਵਸੀਕਾ ਨਵੀਸ ਚਮਨ ਲਾਲ, ਪਟਵਾਰੀ ਸੋਦਾਗਰ ਸਿੰਘ ਤੋਂ ਇਲਾਵਾ ਰਮੇਸ਼ ਅਰੋੜਾ ਪੁੱਤਰ ਰਾਮ ਨਾਥ ਵਾਸੀ 22 ਅਰਬਨ ਅਸਟੇਟ ਫੇਸ-1 ਜਲੰਧਰ, ਅੰਮ੍ਰਿਤਪਾਲ ਪੁੱਤਰ ਸ਼ਰਨਜੀਤ ਸਿੰਘ ਵਾਸੀ ਸ਼ਾਂਤੀ ਵਿਲਾ ਸੰਸਾਰਪੁਰ ਜਲੰਧਰ, ਰਵੀ ਕੁਮਾਰ ਪੁੱਤਰ ਕਾਨਸੀ ਰਾਮ ਵਾਸੀ ਲੇਬਰ ਕਾਲੋਨੀ ਗੜ੍ਹਾ ਜਲੰਧਰ, ਸੁਧੀਰ ਰਜੀਰਿਓ ਪੁੱਤਰ ਅਮਲੋ ਰਜੀਰਿਓ ਵਾਸੀ ਅਰਬਨ ਅਸਟੇਟ ਜਲੰਧਰ, ਜਸਵੰਤ ਸਿੰਘ ਪੁੱਤਰ ਚੰਚਲ ਰਾਮ ਵਾਸੀ ਗੰਢਵਾਂ ਫਗਵਾੜਾ, ਬਲਬੀ ਰਾਣੀ ਪਤਨੀ ਜਸਵੰਤ ਸਿੰਘ ਵਾਸੀ ਪਿੰਡ ਗੰਢਵਾਂ ਫਗਵਾੜਾ, ਸਰਬਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਫੋਲੜੀਵਾਲ ਜਲੰਧਰ, ਮਨਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਫੋਲੜੀਵਾਲ ਜਲੰਧਰ ਦੇ ਨਾਂ ਸ਼ਾਮਿਲ ਸਨ।