1997 ਦਾ ਰਿਕਾਰਡ ਨਾ ਮਿਲਣ ਕਾਰਨ ਉਲਝਦਾ ਜਾ ਰਿਹਾ ਹੈ ਥਾਣਾ ਕਰਤਾਰਪੁਰ ਤੋਂ ਏ.ਕੇ.47 ਗਾਇਬ ਹੋਣ ਦਾ ਮਾਮਲਾ

Wednesday, Jul 05, 2017 - 07:25 PM (IST)

ਜਲੰਧਰ(ਪ੍ਰੀਤ)— ਜਿਸ ਸਾਲ 'ਚ ਥਾਣਾ ਕਰਤਾਰਪੁਰ ਤੋਂ ਏ. ਕੇ. 47 ਗਾਇਬ ਹੋਈਆਂ, ਉਸੇ ਸਾਲ ਦਾ ਰਿਕਾਰਡ ਗਾਇਬ ਮਿਲਿਆ ਹੈ। 1997 ਦਾ ਰਿਕਾਰਡ ਵੀ ਨਾ ਮਿਲਣ ਨਾਲ ਮਾਮਲਾ ਉਲਝਦਾ ਜਾ ਰਿਹਾ ਹੈ, ਹਾਲਾਂਕਿ ਉਸ ਸਮੇਂ ਦੇ ਐੱਸ. ਐੱਚ. ਓ. ਅਤੇ ਮੁਨਸ਼ੀ ਨੇ ਸਾਰਾ ਰਿਕਾਰਡ ਤਰਤੀਬ 'ਚ ਹੋਣ ਦੀ ਰਿਪੋਰਟ ਭੇਜੀ ਸੀ ਪਰ ਹੁਣ ਰਿਕਾਰਡ ਦਾ ਨਾ ਮਿਲਣਾ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ। 
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੰਸਪੈਕਟਰ ਇੰਦਰਜੀਤ ਸਿੰਘ ਤੋਂ ਏ. ਕੇ. 47 ਮਿਲਣ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਦੁਆਰਾ ਥਾਣਾ ਕਰਤਾਰਪੁਰ ਦੇ ਮਾਲਖਾਨੇ ਦੀ ਜਾਂਚ 'ਚ ਸਨਸਨੀਖੇਜ਼ ਖੁਲਾਸਾ ਹੋਇਆ ਕਿ ਉਥੋਂ 2 ਏ. ਕੇ. 47 ਗਾਇਬ ਹਨ ਪਰ ਗਾਇਬ ਅਤੇ ਇੰਦਰਜੀਤ ਸਿੰਘ ਤੋਂ ਬਰਾਮਦ ਏ. ਕੇ. 47 ਦੇ ਨੰਬਰ ਮੇਲ ਨਹੀਂ ਖਾਂਦੇ। ਤੱਥਾਂ ਦਾ ਖੁਲਾਸਾ ਹੁੰਦੇ ਹੀ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਕੇਸ ਦਰਜ ਕਰਕੇ ਜਾਂਚ ਲਈ ਐੱਸ. ਆਈ. ਟੀ. ਗਠਿਤ ਕੀਤੀ। 
ਐੱਸ. ਆਈ. ਟੀ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੁਆਰਾ ਦਮ ਭਰਿਆ ਜਾ ਰਿਹਾ ਹੈ ਕਿ 1997 'ਚ ਹੀ ਥਾਣੇ ਦੀ ਬਿਲਡਿੰਗ ਸ਼ਿਫਟ ਹੋਈ ਸੀ। ਹੋ ਸਕਦਾ ਹੈ ਕਿ ਇਹ ਮਾਲ ਦਾ ਰਜਿਸਟਰ ਇਧਰ-ਉਧਰ ਹੋ ਗਿਆ ਹੋਵੇ ਪਰ ਸਵਾਲ ਇਹ ਹੈ ਕਿ ਉਸ ਤੋਂ ਬਾਅਦ ਚਾਰਜ ਸੰਭਾਲਣ ਵਾਲੇ ਐੱਸ. ਐੱਚ. ਓ. ਅਤੇ ਮੁਨਸ਼ੀ ਨੇ ਆਪਣੀ ਰਿਪੋਰਟ 'ਚ ਇਸ ਦਾ ਜ਼ਿਕਰ ਕਿਉਂ ਨਹੀਂ ਕੀਤਾ। ਸਾਰਾ ਰਿਕਾਰਡ ਸਹੀ ਹੋਣ ਦੀ ਰਿਪੋਰਟ ਕਿਵੇਂ ਦਿੰਦੇ ਰਹੇ। 
ਕਿਸੇ ਪੁਲਸ ਵਾਲੇ ਦੇ ਕੋਲ ਤਾਂ ਨਹੀਂ ਥਾਣਾ ਕਰਤਾਰਪੁਰ ਤੋਂ ਗਾਇਬ ਏ. ਕੇ. 47
ਥਾਣਾ ਕਰਤਾਰਪੁਰ ਦੇ ਮਾਲਖਾਨੇ ਤੋਂ ਗਾਇਬ ਏ. ਕੇ. 47 ਹੁਣ ਪੁਲਸ ਅਧਿਕਾਰੀਆਂ ਦੇ ਗਲੇ ਦੀ ਹੱਡੀ ਬਣ ਸਕਦੀ ਹੈ, ਕਿਉਂਕਿ ਥਾਣੇ 'ਚ ਚੋਰੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤੋਂ ਸਪੱਸ਼ਟ ਹੈ ਕਿ ਦੋਵੇਂ ਏ. ਕੇ. 47 ਉਥੋਂ ਮਰਜ਼ੀ ਤੋਂ ਤਾਂ ਨਹੀਂ ਦਿੱਤੀਆਂ ਗਈਆਂ। ਕਿਤੇ ਦੋਵੇਂ ਅਸਾਲਟ ਕਿਸੇ ਪੁਲਸ ਵਾਲੇ ਦੇ ਕੋਲ ਤਾਂ ਨਹੀਂ। ਜਾਂਚ 'ਚ ਹੁਣ ਤਕ ਏ. ਕੇ. 47 ਦਾ ਗਾਇਬ ਹੋਣ ਦਾ ਰਾਜ਼ ਨਹੀਂ ਮਿਲ ਰਿਹਾ। ਜਾਣਕਾਰਾਂ ਦਾ ਮੰਨਣਾ ਹੈ ਕਿ ਪੁਰਾਣੇ ਸਮੇਂ 'ਚ ਅੱਤਵਾਦੀਆਂ ਤੋਂ ਬਰਾਮਦ ਕੀਤੇ ਜਾਣ ਵਾਲੇ ਹਥਿਆਰ ਪੁਲਸ ਨੂੰ ਮਿਲੇ, ਜੋ ਦੂਜੇ ਹਥਿਆਰਾਂ ਤੋਂ ਚੰਗੇ ਹੁੰਦੇ ਸਨ। ਇਨ੍ਹਾਂ ਚੰਗੇ ਹਥਿਆਰਾਂ ਦੇ ਕਾਰਨ ਕਈ ਵਾਰ ਕੁਝ ਪੁਲਸ ਵਾਲੇ ਆਪਣੇ ਕੋਲ ਹਥਿਆਰ ਰੱਖ ਲੈਂਦੇ ਸਨ। ਜਾਣਕਾਰਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਪੁਲਸ ਵਾਲੇ ਨੇ ਹੀ ਦੋਵੇਂ ਅਸਾਲਟਾਂ ਆਪਣੇ ਕੋਲ ਰੱਖੀਆਂ ਹੋਣ ਅਤੇ ਇਸਦਾ ਜ਼ਿੰਮੇਵਾਰ ਐੱਸ. ਐੱਚ. ਓ. ਅਤੇ ਮੁਨਸ਼ੀ ਵਿਭਾਗੀ ਅਨੁਸ਼ਾਸਨ ਦੇ ਕਾਰਨ ਮੂੰਹ ਨਾ ਖੋਲ੍ਹ ਸਕੇ ਹੋਣ। ਖੈਰ ਜੋ ਵੀ ਹੋਵੇ, ਹੁਣ ਏ. ਕੇ. 47 ਦੇ ਗਾਇਬ ਹੋਣ ਦੀ ਲਾਪਰਵਾਹੀ ਦੀ ਤਲਵਾਰ ਮੂੰਹ ਬੰਦ ਰੱਖਣ ਵਾਲੇ ਐੱਸ. ਐੱਚ. ਓ. ਅਤੇ ਮੁਨਸ਼ੀ 'ਤੇ ਲਟਕ ਰਹੀ ਹੈ।


Related News