ਨਵਜੋਤ ਸਿੱਧੂ ਤੇ ਉਨ੍ਹਾਂ ਦੀ ਟੀਮ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ : ਬਿਕਰਮ ਮਜੀਠੀਆ

08/23/2021 11:40:35 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਆਖਿਆ ਕਿ ਉਹ ਦੇਸ਼ ਦੇ ਲੋਕਾਂ ਨੂੰ ਦੱਸਣ ਕਿ ਕੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਦਫ਼ਤਰ ਵੱਲੋਂ ਚਲਾਏ ਜਾ ਰਹੇ ਭਾਰਤ ਵਿਰੋਧੀ ਪ੍ਰਚਾਰ ਦੇ ਨਾਲ ਸਹਿਮਤ ਹਨ ਅਤੇ ਪਾਰਟੀ ਨੇ ਸਿੱਧੂ ਤੇ ਉਸਦੀ ਟੀਮ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦਿਨ ਭਾਰਤ ਨੇ ਆਜ਼ਾਦੀ ਦਿਹਾੜਾ ਮਨਾਇਆ, ਉਸ ਦਿਨ ਦੇਸ਼ ਦੇ ਖ਼ਿਲਾਫ਼ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਤੋਂ ਬਿਆਨ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਹੈਰਾਨੀ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਕਹਿ ਰਿਹਾ ਹੈ ਕਿ ਕਸ਼ਮੀਰ ਕਸ਼ਮੀਰੀਆਂ ਦਾ ਦੇਸ਼ ਹੈ ਅਤੇ ਭਾਰਤ ਨੇ ਇਸਦੇ ਇਕ ਹਿੱਸੇ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਹੈ ਅਤੇ ਕਸ਼ਮੀਰੀ ਭਾਰਤ ਦਾ ਹਿੱਸਾ ਨਹੀਂ ਹਨ। ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਤੋਂ ਅਜਿਹੇ ਬਿਆਨ ਪੀ. ਪੀ. ਸੀ. ਸੀ. ਪ੍ਰਧਾਨ ਦੀ ਪਾਕਿਸਤਾਨ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਨੇੜਤਾ ਕਾਰਨ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਜਨਰਲ ਬਾਜਵਾ ਦੇ ਭਾਰਤ ਖਾਸ ਤੌਰ ’ਤੇ ਕਸ਼ਮੀਰ ਪ੍ਰਤੀ ਏਜੰਡੇ ਨੂੰ ਲਾਗੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫਤਰ ਨੇ ਕਿਹਾ ਹੈ ਕਿ ਭਾਰਤ ਨੇ ਸੰਯਕੁਤ ਰਾਸ਼ਟਰ ਦੇ ਮਤੇ ਦੀ ਉਲੰਘਣਾ ਕੀਤੀ ਅਤੇ ਕਸ਼ਮੀਰ ਨੂੰ ਵੰਡ ਦਿੱਤਾ ਅਤੇ ਇਸ ਬਿਆਨ ਦਾ ਮਤਲਬ ਭਾਰਤ ਦੀ ਹੋਂਦ ਤੇ ਸਰਹੱਦ ’ਤੇ ਹੀ ਸਵਾਲ ਚੁੱਕਣਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਮੁਖੌਟੇ ’ਚ ਭਾਜਪਾ ਦੇ ਨਵੇਂ ਰੂਪ ਤੋਂ ਸਾਵਧਾਨ ਰਹਿਣਾ ਜ਼ਰੂਰੀ : ਪ੍ਰੋ. ਬਲਜਿੰਦਰ ਕੌਰ

ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਕ ਪਾਸੇ ਭਾਰਤ ਆਖ ਰਿਹਾ ਹੈ ਕਿ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਹੇਠਲਾ ਕਸ਼ਮੀਰ ਦਾ ਹਿੱਸਾ ਸਾਡਾ ਹੈ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਹੋਰ ਹੀ ਦਾਅਵੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਹ ਕਾਰਵਾਈਆਂ ਭਾਰਤ ਦੇ ਆਜ਼ਾਦੀ ਦਿਹਾੜੇ ਵਾਲੇ ਦਿਨ ਹੋਈਆਂ ਹਨ ਅਤੇ ਇਹ ਭਾਰਤੀ ਫੌਜੀਆਂ ਖ਼ਾਸ ਤੌਰ ’ਤੇ ਪੰਜਾਬੀਆਂ ਵੱਲੋਂ ਦਿੱਤੀਆਂ ਸ਼ਹਾਦਤਾਂ ’ਤੇ ਸਿੱਧਾ ਹਮਲਾ ਹਨ। ਮਜੀਠੀਆ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦਾ ਦਫਤਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਰਲ ਕੇ ਕੰਮ ਕਰ ਰਿਹਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਤਾਂ ਅਗਲੇ ਹੀ ਦਿਨ ਪ੍ਰਦੇਸ਼ ਕਾਂਗਰਸ ਪ੍ਰਧਾਨ ਦਫਤਰ ਨੇ ਵੀ ਤਾਲਿਬਾਨ ਦੇ ਅਫਗਨਿਸਤਾਨ ’ਤੇ ਕਬਜ਼ੇ ਨੁੰ ਸਹੀ ਠਹਿਰਾਇਆ। ਪੰਜਾਬ ਦੇ ਮੁੱਖ ਮੰਤਰੀ ਨੁੰ ਸਿਰਫ਼ ਗੱਲਾਂ ਨਾਲ ਨਾ ਸਰਨ ਬਾਰੇ ਆਖਦਿਆਂ ਮਜੀਠੀਆ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦਫ਼ਤਰ ਦੇ ਬਿਆਨਾਂ ਨਾਲ ਸਹਿਮਤ ਨਹੀਂ ਹਨ ਤਾਂ ਉਨ੍ਹਾਂ ਨੁੰ ਤੁਰੰਤ ਪ੍ਰਦੇਸ਼ ਕਾਂਗਰਸ  ਪ੍ਰਧਾਨ ਤੇ ਉਹਨਾਂ ਦੀ ਟੀਮ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੇ ਹੁਕਮ ਦੇਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰਾਂ ਦੇ ਵਿਵਾਦਪੂਰਨ ਬਿਆਨ ਤਾਲਿਬਾਨੀ ਸੋਚ ਦਾ ਪ੍ਰਤੀਕ : ਰਾਜਕੁਮਾਰ ਵੇਰਕਾ

ਉਨ੍ਹਾਂ ਕਿਹਾ ਕਿ ਜੇਕਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਇਸ ਮਾਮਲੇ ’ਤੇ ਸਿੱਧੂ ਤੇ ਉਨ੍ਹਾਂ ਦੀ ਟੀਮ ਨਾਲ ਵੱਖਰੇ ਵਿਚਾਰ ਰੱਖਦੇ ਹਨ ਤਾਂ ਫਿਰ ਉਨ੍ਹਾਂ ਨੂੰ ਸਿੱਧੂ ਨੂੰ ਤੁਰੰਤ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋ ਰਹੀ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਦੇਸ਼ ਦੇ ਸ਼ਹੀਦਾਂ ਦੇ ਖ਼ਿਲਾਫ਼ ਕੰਮ ਕਰ ਰਿਹਾ ਹੈ ਅਤੇ ਭਾਰਤ ਵਿਰੋਧੀ ਤਾਕਤਾਂ ਖਾਸ ਤੌਰ ’ਤੇ ਪਾਕਿਸਤਾਨ ਦਾ ਹੱਥ ਠੋਕਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਵਜੋਂ ਅਸੀਂ ਹਮੇਸ਼ਾ ਆਜ਼ਾਦੀ ਦਿਹਾੜਾ ਬਹੁਤ ਉਤਸਾਹ ਨਾਲ ਮਨਾਇਆ ਹੈ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਦਫਤਰ ਨਾ ਸਿਰਫ ਆਜ਼ਾਦੀ ਨੂੰ ਖ਼ਿਲਾਫ਼ ਬੋਲ ਰਿਹਾ ਹੈ ਸਗੋਂ ਦੁਸ਼ਮਣ ਦੇਸ਼ ਦੇ ਕਹਿਣ ਮੁਤਾਬਕ ਕੰਮ ਕਰ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੁਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਅਤੇ ਸੀਨੀਅਰ ਅਕਾਲੀ ਆਗੂ ਵਰਦੇਵ ਸਿੰਘ ਮਾਨ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ : ਕਾਦੀਆਂ ਚ ਮੁਸਲਿਮ ਔਰਤਾਂ ਨੇ ਫ਼ਤਿਹਜੰਗ ਬਾਜਵਾ ਨੂੰ ਬੰਨ੍ਹੀ ਰੱਖੜੀ, ਭਾਈਚਾਰੇ ਦੀ ਮਿਸਾਲ ਕੀਤੀ ਕਾਇਮ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Anuradha

This news is Content Editor Anuradha