ਖਬਰ ਦਾ ਅਸਰ : ਵਿਧਾਨ ਸਭਾ ’ਚ ਗੂੰਜਿਆ ਮੋਹਾਲੀ ਹਸਪਤਾਲ ਦੀ ਜ਼ਮੀਨ ਕਾਰਪੋਰੇਟ ਘਰਾਣੇ ਨੂੰ ਵੇਚਣ ਦਾ ਮਾਮਲਾ

03/05/2021 1:40:10 PM

ਹੁਸ਼ਿਆਰਪੁਰ (ਘੁੰਮਣ) : ‘ਜਗ ਬਾਣੀ’ ਦੇ 4 ਮਾਰਚ ਦੇ ਅੰਕ ’ਚ ‘ਸਰਕਾਰ ਨੇ ਪੂੰਜੀਪਤੀ ਘਰਾਣੇ ਨੂੰ ਵੇਚ ਦਿੱਤੀ ਸਰਕਾਰੀ ਹਸਪਤਾਲ ਮੋਹਾਲੀ ਦੀ ਜ਼ਮੀਨ’ ਸਿਰਲੇਖ ਹੇਠ ਖ਼ਬਰ ਦੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਤੋਂ ਬਾਅਦ ਅੱਜ ਸੂਬੇ ਭਰ ਦੇ ਰਾਜਨੀਤਕ ਹਲਕਿਆਂ ਵਿਚ ਕਾਫੀ ਹਲਚਲ ਰਹੀ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਦਿਡ਼ਬਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ‘ਜਗ ਬਾਣੀ’ ਦੀਆਂ ਕਾਪੀਆਂ ਫਡ਼ ਕੇ ਬਜਟ ਸੈਸ਼ਨ ਦੌਰਾਨ ਸਰਕਾਰ ਨੂੰ ਆਡ਼ੇ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਕੈਪਟਨ ਸਰਕਾਰ ਕੇਂਦਰ ਵੱਲੋਂ ਸਰਕਾਰੀ ਸੰਸਥਾਵਾਂ ਨੂੰ ਵੇਚੇ ਜਾਣ ਦਾ ਵਿਰੋਧ ਕਰਦੀ ਹੈ, ਜਦਕਿ ਦੂਜੇ ਪਾਸੇ ਕਾਂਗਰਸ ਸਰਕਾਰ ਨੇ ਸਰਕਾਰੀ ਹਸਪਤਾਲ ਮੋਹਾਲੀ ਦੀ ਕਰੀਬ 1 ਏਕਡ਼ ਜ਼ਮੀਨ ਗੁਆਂਢ ਵਿਚ ਪੂੰਜੀਪਤੀਆਂ ਵੱਲੋਂ ਚਲਾਏ ਜਾ ਰਹੇ ਮੈਕਸ ਹਸਪਤਾਲ ਨੂੰ ਵੇਚ ਦਿੱਤੀ। ਚੀਮਾ ਨੇ ਕਿਹਾ ਕਿ ਛੇਤੀ ਹੀ ਮੋਹਾਲੀ ਹਸਪਤਾਲ ਵਿਚ ਸਰਕਾਰ ਮੈਡੀਕਲ ਕਾਲਜ ਬਣਾਉਣ ਜਾ ਰਹੀ ਹੈ, ਅਜਿਹੇ ਹਾਲਾਤ ਵਿਚ ਉੱਥੇ ਹੋਰ ਵੀ ਜ਼ਿਆਦਾ ਜ਼ਮੀਨ ਦੀ ਲੋਡ਼ ਪਵੇਗੀ।

ਇਹ ਵੀ ਪੜ੍ਹੋ : 6ਵੇਂ ਪੰਜਾਬ ਵਿੱਤ ਕਮਿਸ਼ਨ ਦੀਆਂ ਕਈ ਸਿਫਾਰਿਸ਼ਾਂ ਨੂੰ ਕੈਬਨਿਟ ਦੀ ਮਨਜ਼ੂਰੀ     

ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਪ੍ਰਾਈਵੇਟ ਹਸਪਤਾਲ ਸੰਚਾਲਕਾਂ ਨੂੰ ਵੇਚੀਆਂ ਗਈਆਂ ਜ਼ਮੀਨਾਂ ਦੇ ਇਵਜ਼ ਵਿਚ ਸਬੰਧਤ ਹਸਪਤਾਲਾਂ ਵਿਚ 25 ਫੀਸਦੀ ਗਰੀਬ ਮਰੀਜ਼ਾਂ ਲਈ ਮੁਫਤ ਇਲਾਜ ਦੀ ਵਿਵਸਥਾ ਹੋਣੀ ਚਾਹੀਦੀ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਪਿਛਲੇ 1 ਮਾਰਚ ਨੂੰ ਟਵੀਟ ਕੀਤਾ ਸੀ ਕਿ ਮੈਕਸ ਹੈਲਥ ਕੇਅਰ ਗਰੱੁਪ ਨੂੰ ਮੋਹਾਲੀ ਹਸਪਤਾਲ ਦੀ 0.92 ਏਕਡ਼ ਜ਼ਮੀਨ ਤਬਦੀਲ ਕੀਤੀ ਗਈ ਹੈ, ਜਿਸਦੇ ਨਾਲ 200 ਬਿਸਤਰਿਆਂ ਦੇ ਮੈਕਸ ਹਸਪਤਾਲ ਵਿਚ 100 ਬਿਸਤਰਿਆਂ ਦੀ ਸਮਰੱਥਾ ਵਧਾਉਂਦੇ ਹੋਏ ਅਪਗ੍ਰੇਡੇਸ਼ਨ ਕੀਤੀ ਜਾਣੀ ਹੈ। ਵਰਨਣਯੋਗ ਹੈ ਕਿ ਰਾਜ ਦੀ ਪ੍ਰਮੁੱਖ ਸਮਾਜਿਕ ਸੰਸਥਾ ‘ਸਵੇਰਾ’ ਦੇ ਕਨਵੀਨਰ ਡਾ. ਅਜੈ ਬੱਗਾ ਵੱਲੋਂ ‘ਜਗ ਬਾਣੀ’ ਰਾਹੀਂ ਬੀਤੇ ਦਿਨ ਇਹ ਮਹੱਤਵਪੂਰਨ ਮੁੱਦਾ ਚੁੱਕਿਆ ਗਿਆ ਸੀ।

ਇਹ ਵੀ ਪੜ੍ਹੋ : ਜਦੋਂ ਵਿਧਾਨ ਸਭਾ 'ਚ ਮਿਹਣੋ-ਮਿਹਣੀ ਹੋਏ ਵਿਧਾਇਕਾਂ ਨੂੰ ਬੋਲੇ ਸਪੀਕਰ-ਗੱਲ ਚੱਲੇਗੀ ਤਾਂ ਬਹੁਤ ਦੂਰ ਤਕ ਜਾਵੇਗੀ

Anuradha

This news is Content Editor Anuradha