ਗੈਂਗਸਟਰ ਵਿੱਕੀ ਗੌਂਡਰ ਦੇ ਸਮਰਥਕ ਦੇ ਅਗਵਾ ਦੇ ਮਾਮਲੇ ''ਚ ਪੁਲਸ ਹੱਥ ਲੱਗਿਆ ਮੋਬਾਈਲ, ਹੋਣਗੇ ਕਈ ਵੱਡੇ ਖੁਲਾਸੇ

07/16/2017 7:10:19 PM

ਜਲੰਧਰ(ਰਾਜੇਸ਼)— ਗੈਂਗਸਟਰ ਸੁੱਖਾ ਕਾਹਲਵਾਂ ਗਰੁੱਪ ਦੇ ਮੈਂਬਰ ਪ੍ਰੀਤ ਫਗਵਾੜਾ ਦੇ ਜ਼ਰੀਏ ਗੈਂਗਸਟਰ ਵਿੱਕੀ ਗੌਂਡਰ ਦੇ ਸਮਰਥਕ ਬੇਅੰਤ ਮੋਗਾ ਵਾਲਾ ਨੂੰ ਅਗਵਾ ਕਰਵਾਉਣ ਵਾਲੀ ਲੜਕੀ ਮਨੀਸ਼ਾ ਸ਼ਰਮਾ ਦੇ ਮੁਕੇਰੀਆਂ ਸਥਿਤ ਘਰ 'ਚ ਥਾਣਾ ਨੰਬਰ-6 ਦੀ ਪੁਲਸ ਨੇ ਛਾਪੇਮਾਰੀ ਕੀਤੀ ਹੈ। ਪੁਲਸ ਨੂੰ ਮਨੀਸ਼ਾ ਦੇ ਘਰੋਂ ਉਸ ਦਾ ਮੋਬਾਈਲ ਫੋਨ ਬਾਰਮਦ ਹੋਇਆ ਹੈ। ਪੁਲਸ ਉਸ ਦੇ ਮੋਬਾਈਲ ਫੋਨ ਨੂੰ ਖੰਗਾਲ ਰਹੀ ਹੈ। ਉਸ ਦੇ ਫੋਨ ਦੀ ਕਾਲ ਡਿਟੇਲ ਕੱਢਵਾ ਰਹੀ ਹੈ। ਮਨੀਸ਼ਾ ਨੂੰ ਉਸ ਦੇ ਘਰ ਮੁਕੇਰੀਆਂ ਲਿਜਾ ਕੇ ਪੁਲਸ ਨੇ ਛਾਪੇਮਾਰੀ ਕਰਨ ਤੋਂ ਬਾਅਦ ਉਸ ਦਾ ਰਿਮਾਂਡ ਜੋ ਖਤਮ ਹੋ ਚੁੱਕਿਆ ਸੀ, ਉਸ ਦੇ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਹੋਰ ਮਿਲ ਗਿਆ। ਇਸ ਦੇ ਨਾਲ ਹੀ ਪੁਲਸ ਨੂੰ ਮਨੀਸ਼ਾ ਦੇ ਘਰੋਂ ਮਿਲੇ ਮੋਬਾਈਲ ਫੋਨ 'ਚ ਕੁਝ ਅਜਿਹੇ ਨੰਬਰ ਮਿਲੇ ਹਨ, ਜੋ ਖਤਰਨਾਕ ਗੈਂਗਸਟਰਾਂ ਦੇ ਮੈਂਬਰਾਂ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਨੰਬਰਾਂ 'ਚ ਪ੍ਰੀਤ ਫਗਵਾੜਾ ਦਾ ਫੋਨ ਨੰਬਰ ਵੀ ਹੈ, ਜਿਸ ਦੇ ਜ਼ਰੀਏ ਮਨੀਸ਼ਾ ਉਸ ਦੇ ਸੰਪਰਕ 'ਚ ਸੀ। ਬਰਾਮਦ ਕੀਤੇ ਗਏ ਮੋਬਾਈਲ ਤੋਂ ਹੀ ਉਸ ਨੇ ਬੇਅੰਤ ਮੋਗਾ ਵਾਲਾ ਨੂੰ ਫੋਨ ਕਰਕੇ ਜਲੰਧਰ ਮਾਡਲ ਟਾਊਨ ਬੁਲਾਇਆ, ਜਿਸ ਤੋਂ ਬਾਅਦ ਪੰਚਮ ਨੂਰ ਉਰਫ ਪੰਚਮ ਨੇ ਸਾਥੀਆਂ ਸਮੇਤ ਮਾਡਲ ਟਾਊਨ 'ਚ ਬੇਅੰਤ ਮੋਗਾ ਵਾਲਾ ਨੂੰ ਅਗਵਾ ਕਰ ਲਿਆ। 
ਮਨੀਸ਼ਾ ਦੇ ਸਪੰਰਕ 'ਚ ਗੈਂਗਸਟਰ ਸੁੱਖਾ ਕਾਹਲਵਾਂ ਦਾ ਮੈਂਬਰ ਪ੍ਰੀਤ ਫਗਵਾੜਾ ਅਤੇ ਜਲੰਧਰ ਦਾ ਪੰਚਮ ਸੀ। ਪੰਚਮ ਦੀ ਭਾਲ 'ਚ ਵੀ ਪੁਲਸ ਰੋਜ਼ਾਨਾ ਉਸ ਦੇ ਘਰ ਰਸਤੇ ਸਮੇਤ ਮੁਹੱਲੇ 'ਚ ਛਾਪੇਮਾਰੀ ਕਰ ਰਹੀ ਹੈ। ਪੁਲਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਮ ਅਪਰਾਧਕ ਕਿਸਮ ਦਾ ਨੌਜਵਾਨ ਹੈ, ਜਿਸ 'ਤੇ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ, ਜੋ ਜਲਦੀ ਹੀ ਪੁਲਸ ਦੀ ਗ੍ਰਿਫਤ 'ਚ ਹੋਵੇਗਾ। ਪੁਲਸ ਨੇ ਪੰਚਮ ਦੇ ਕੁਝ ਰਿਸ਼ਤੇਦਾਰਾਂ 'ਤੇ ਵੀ ਨਜ਼ਰ ਜਮ੍ਹਾ ਲਈ ਹੈ।