ਮਾਮਲਾ ਲੋਕ ਸਿਹਤ ਵਿਭਾਗ ਅੰਦਰ 1 ਕਰੋੜ 35 ਲੱਖ ਦੇ ਗਬਨ ਦਾ, ਮੁੱਖ ਮੁਲਜ਼ਮ ਸਮੇਤ 6 ਗ੍ਰਿਫਤਾਰ

05/26/2022 2:35:29 PM

ਮਲੋਟ(ਜੁਨੇਜਾ): ਥਾਣਾ ਸਿਟੀ ਮਲੋਟ ਦੀ ਪੁਲਸ ਨੇ ਲਗਭਗ 5 ਸਾਲ ਪਹਿਲਾਂ ਦਰਜ ਇਕ ਗਬਨ ਦੇ ਮਾਮਲੇ ’ਚ ਨਾਮਜ਼ਦ ਮੁੱਖ ਮੁਲਜ਼ਮ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਕੁੱਲ 17 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ, ਬਾਕੀਆਂ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਓਧਰ ਦੇਰ ਨਾਲ ਮਿਲੀ ਸੂਚਨਾ ਅਨੁਸਾਰ ਪੁਲਸ ਨੇ ਬੀਤੇ ਦਿਨੀ ਰਾਜਵਿੰਦਰ ਸਿੰਘ ਪੁੱਤਰ ਮਿੱਠਾ ਸਿੰਘ ਰਿਟ. ਸੀਨੀਅਰ ਸਹਾਇਕ ਵਾਸੀ ਗਿੱਦੜਬਾਹਾ, ਸੁਰਿੰਦਰ ਕੁਮਾਰ ਰਿਟ. ਸੁਪਰਡੈਂਟ ਵਾਸੀ ਸ੍ਰੀ ਮੁਕਤਸਰ ਸਾਹਿਬ, ਪ੍ਰਵੀਨ ਕੁਮਾਰ ਸੀਨੀਅਰ ਸਹਾਇਕ ਪੁੱਤਰ ਪ੍ਰੇਮ ਕੁਮਾਰ ਵਾਸੀ ਨਾਨਕ ਨਗਰੀ ਅਬੋਹਰ, ਰਾਮ ਕੁਮਾਰ ਸੀਨੀਅਰ ਰਿਟ. ਸੀਨੀਅਰ ਸਹਾਇਕ ਪੁੱਤਰ ਦਾਤੂ ਰਾਮ ਵਾਸੀ ਅਬੋਹਰ ਅਤੇ ਓਮ ਪ੍ਰਕਾਸ਼ ਰਿਟ. ਸੀਨੀਅਰ ਸਹਾਇਕ ਪੁੱਤਰ ਹਰੀ ਚੰਦ ਵਾਸੀ ਤੇਲੀਆਂ ਵਾਲੀ ਗਲੀ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ CM ਮਾਨ ਦਾ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ

ਜਾਣਕਾਰੀ ਅਨੁਸਾਰ ਮਲੋਟ ਲੋਕ ਸਿਹਤ ਵਿਭਾਗ ਦੇ ਐਕਸੀਅਨ ਜਸਬੀਰ ਸਿੰਘ ਔਜਲਾ ਨੇ 14 ਫਰਵਰੀ 2017 ਨੂੰ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਨ੍ਹਾਂ ਦੇ ਦਫ਼ਤਰ ਵਿਚ ਸੀਨੀਅਰ ਸਹਾਇਕ ਰਾਜਵਿੰਦਰ ਸਿੰਘ ਅਤੇ ਜੂਨੀਅਰ ਸਹਾਇਕ ਸੰਦੀਪ ਸਿੰਘ ਵੱਲੋਂ ਫਰਵਰੀ 2016 ਵਿਚ ਸਰਕਾਰੀ ਖਜ਼ਾਨੇ ’ਚੋਂ ਗਲ਼ਤ ਤਰੀਕੇ ਨਾਲ ਤਨਖ਼ਾਹ ਕਢਾਈ ਗਈ ਹੈ। ਬਾਅਦ ਵਿਚ ਵਿਭਾਗ ਵੱਲੋਂ ਕੀਤੀ ਜਾਂਚ ਉਪਰੰਤ ਸਾਹਮਣੇ ਆਇਆ ਕਿ ਉਕਤ ਸੰਦੀਪ ਸਿੰਘ ਨੇ ਤਨਖ਼ਾਹ ਦੇ ਬਿੱਲਾਂ ਉਪਰ ਅਧਿਕਾਰੀਆਂ ਦੇ ਜਾਅਲੀ ਦਸਤਖਤ ਕਰ ਕੇ 1 ਕਰੋੜ 35 ਲੱਖ ਤੋਂ ਵੱਧ ਦੀ ਰਾਸ਼ੀ ਆਪਣੇ ਵੱਖ-ਵੱਖ ਬੈਂਕਾਂ ਵਿਚਲੇ ਖਾਤਿਆਂ ਵਿਚ ਪਾਈ ਗਈ। 

ਇਹ ਵੀ ਪੜ੍ਹੋ- ਭਖ ਸਕਦੀ ਹੈ ਪੰਜਾਬ ਦੀ ਸਿਆਸਤ, ਅਕਾਲੀਆਂ ਵੇਲੇ ਹੋਏ ਕਰੋੜਾਂ ਦੇ ਸਿੰਚਾਈ ਘਪਲੇ ਦੀਆਂ ਵੀ ਖੁੱਲ੍ਹਣਗੀਆਂ ਫਾਈਲਾਂ

ਇਸ ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਮੁੱਢਲੀ ਜਾਂਚ ਤੋਂ ਬਾਅਦ ਵਿਚ ਸਿਟੀ ਮਲੋਟ ਪੁਲਸ ਨੇ ਸੰਦੀਪ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਸਾਉਂਕੇ ਤਹਿਸੀਲ ਮਲੋਟ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕ੍ਰਾਈਮ ਬ੍ਰਾਂਚ ਨੂੰ ਜਾਂਚ ਸੌਂਪ ਦਿੱਤੀ। ਇਸ ਮਾਮਲੇ ਵਿਚ ਪੁਲਸ ਨੇ ਵੱਖ-ਵੱਖ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਸੰਦੀਪ ਸਿੰਘ ਸਮੇਤ ਕੁੱਲ 17 ਵਿਅਕਤੀਆਂ ਨੂੰ ਨਾਮਜ਼ਦ ਕੀਤਾ, ਜੋ ਵਿਭਾਗ ਵਿਚ ਹੀ ਉਸ ਸਮੇਂ ਤਾਇਨਾਤ ਸਨ ਅਤੇ ਉਕਤ ਕਰਮਚਾਰੀ ਵੱਲੋਂ ਕੀਤੇ ਗਬਨ ਵਿਚ ਸਹਿਭਾਗੀ ਬਣੇ ਸਨ। 

 

ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਵੱਲੋਂ ਕਾਰਵਾਈ ਕਰ ਕੇ ਬੀਤੇ ਦਿਨੀਂ ਇਸ ਮਾਮਲੇ ਵਿਚ ਕਥਿਤ ਮੁੱਖ ਮੁਲਜ਼ਮ ਸੰਦੀਪ ਸਿੰਘ ਪੁੱਤਰ ਵਿਰਸਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਪੁਲਸ ਵੱਲੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
 


Anuradha

Content Editor

Related News