ਕਾਲਾ ਪੰਡਤ ਦੀ ਮੌਤ ਦੇ ਮਾਮਲੇ ਦੀ ਹੋਵੇ ਨਿਰਪੱਖ ਜਾਂਚ : ਪੰਕਜ ਦਵੇਸ਼ਰ

02/11/2018 7:46:46 AM

ਕਪੂਰਥਲਾ, (ਭੂਸ਼ਣ)- ਸ਼ਿਵ ਸੈਨਾ ਬਾਲ ਠਾਕਰੇ ਦੇ ਨੇਤਾ ਪ੍ਰਦੀਪ ਕਾਲੀਆ ਉਰਫ ਕਾਲਾ ਪੰਡਤ ਦਾ ਸਾਨੂੰ ਬੇਹੱਦ ਦੁੱਖ ਹੈ ਪਰ ਇਸ ਮਾਮਲੇ 'ਚ ਪੁਲਸ ਨੇ ਜਿਸ ਤਰ੍ਹਾਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਜਲਦਬਾਜ਼ੀ 'ਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਪਿਆਰਾ ਲਾਲ ਉਨ੍ਹਾਂ ਦੇ ਬੇਟੇ ਉਪ ਸੰਗਠਨ ਮੰਤਰੀ ਪੰਜਾਬ ਨੀਰਜ ਕੁਮਾਰ ਤੇ ਹੈਪੀ ਸ਼ਰਮਾ ਖਿਲਾਫ ਬਿਨਾਂ ਜਾਂਚ ਦੇ ਮਾਮਲੇ ਦਰਜ ਕੀਤਾ ਹੈ। ਉਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂਕਿ ਪੂਰੀ ਸੱਚਾਈ ਸਾਹਮਣੇ ਆ ਸਕੇ। ਇਹ ਗੱਲਾਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਸੰਗਠਨ ਮੰਤਰੀ ਪੰਕਜ ਦਵੇਸ਼ਰ ਨੇ ਪੱਤਰਕਾਰ ਸੰਮਲੇਨ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਕਾਲਾ ਪੰਡਤ ਦੀ ਮੌਤ ਦਾ ਮਾਮਲਾ ਬੇਹੱਦ ਦੁੱਖਦਾਈ ਹੈ ਪਰ ਇਸ ਮਾਮਲੇ 'ਚ ਪੁਲਸ ਨੂੰ ਜਾਂਚ ਕਰ ਕੇ ਹੀ ਐੱਫ. ਆਈ. ਆਰ. ਦਰਜ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਪਿਆਰਾ ਲਾਲ ਇਕ ਸਾਫ ਅਕਸ ਦੇ ਇਨਸਾਨ ਹਨ, ਜਿਨ੍ਹਾਂ ਨੇ ਪੰਜਾਬ ਪੁਲਸ 'ਚ ਬਤੌਰ ਐੱਸ. ਐੱਚ. ਓ. ਵਧੀਆ ਡਿਊਟੀ ਨਿਭਾਈ ਹੈ ਅਤੇ ਉਨ੍ਹਾਂ ਦਾ ਇਸ ਮਾਮਲੇ 'ਚ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਖਿਲਾਫ ਦਰਜ ਕੀਤਾ ਗਿਆ ਮਾਮਲਾ ਉਨ੍ਹਾਂ ਨਾਲ ਬੇਇਨਸਾਫੀ ਹੈ।  
ਉਨ੍ਹਾਂ ਜ਼ਿਲਾ ਪੁਲਸ ਤੋਂ ਇਸ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂਕਿ ਮਾਮਲੇ ਦੀ ਪੂਰੀ ਸੱਚਾਈ ਲੋਕਾਂ ਸਾਹਮਣੇ ਆ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਤੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਪਿਆਰਾ ਲਾਲ ਨੇ ਕਮਾਂਡ ਸਾਂਭੀ ਹੈ, ਉਦੋਂ ਤੋਂ ਵਿਰੋਧੀ ਗੁੱਟ ਕੋਈ ਨਾ ਕੋਈ ਸਾਜ਼ਿਸ਼ ਤਿਆਰ ਕਰ ਰਿਹਾ ਸੀ। ਇਸ ਮੌਕੇ ਯੂਥ ਸੈਨਾ ਦੇ ਸੂਬਾ ਪ੍ਰਧਾਨ ਸੰਜੀਵ ਭਾਸਕਰ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਸੂਬਾ ਉਪ ਪ੍ਰਧਾਨ ਪਿਆਰਾ ਲਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਨਸਾਫ ਨਾ ਦਿੱਤਾ ਤਾਂ ਸ਼ਿਵ ਸੈਨਾ ਬਾਲ ਠਾਕਰੇ ਸਭ ਤੋਂ ਪਹਿਲਾਂ ਜ਼ਿਲਾ ਕਪੂਰਥਲਾ 'ਚ ਵੱਡੇ ਪੱਧਰ 'ਤੇ ਰੋਸ-ਪ੍ਰਦਰਸ਼ਨ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਐੱਸ. ਆਈ. ਟੀ. ਹਵਾਲੇ ਕੀਤਾ ਜਾਵੇ ਤਾਂਕਿ ਸੀਨੀਅਰ ਸ਼ਿਵ ਸੈਨਾ ਪਿਆਰਾ ਲਾਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਯੂਥ ਸ਼ਿਵ ਸੈਨਾ ਪੰਜਾਬ  ਦੇ ਪ੍ਰਧਾਨ ਸੰਜੀਵ ਭਾਸਕਰ , ਸੀਨੀਅਰ  ਉਪ ਪ੍ਰਧਾਨ ਪਵਨ ਸਰੀਨ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸਵੇਰ ਮਾਹੀ ਅਤੇ ਡੇਰਾ ਜਲੰਧਰ  ਦੇ ਪ੍ਰਧਾਨ ਰੋਹਿਤ ਜੋਸ਼ੀ ਆਦਿ ਮੌਜੂਦ ਸਨ।