ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ 'ਤੇ NRI ਪਤੀ ਸਮੇਤ 5 ਖ਼ਿਲਾਫ਼ ਮਾਮਲਾ ਦਰਜ

03/23/2023 8:35:42 PM

ਜਲੰਧਰ : ਸਥਾਨਕ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਪਰੀਨਾ ਕੌਰ ਹੰਸ ਨਾਂ ਦੀ ਪੀੜਤ ਔਰਤ ਨੇ ਕਿਹਾ ਕਿ ਜਦੋਂ ਉਸ ਨੂੰ ਆਪਣੇ ਪਤੀ ਤਰਨਜੀਤ ਸਿੰਘ ਧਨੋਆ ਵੱਲੋਂ ਆਪਣੇ ਪਰਿਵਾਰ ਤੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਪੰਜਾਬ ਅੰਦਰ ਦੂਜੇ ਵਿਆਹ ਕਰਵਾਏ ਜਾਣ ਬਾਰੇ ਖ਼ਬਰ ਮਿਲੀ ਤਾਂ ਉਸ ਨੇ ਕੈਨੇਡਾ ਤੋਂ ਪੰਜਾਬ ਆ ਕੇ ਜਲੰਧਰ ਪੁਲਸ ਤੋਂ ਇਨਸਾਫ਼ ਦੀ ਗੁਹਾਰ ਲਗਾਈ। ਜਲੰਧਰ ਦੇ ਐੱਸ.ਐੱਸ.ਪੀ. ਦਿਹਾਤੀ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲਸ ਨੇ ਪੂਰੀ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਆਖਿਰਕਾਰ ਸਾਰੇ ਆਰੋਪ ਸਹੀ ਪਾਏ ਜਾਣ ਤੋਂ ਬਾਅਦ ਹੁਣ ਜਲੰਧਰ ਪੁਲਸ ਨੇ ਧੋਖੇਬਾਜ਼ ਐੱਨ.ਆਰ.ਆਈ. ਲੜਕੇ, ਉਸ ਦੇ ਪਰਿਵਾਰ ਅਤੇ ਕੁਝ ਲੋਕਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਕੌਮੀ ਸ਼ਹੀਦ ਨੂੰ ਸਿਜਦਾ

ਪੀੜਤਾ ਪਰੀਨਾ ਕੌਰ ਹੰਸ ਵੱਲੋਂ ਜਲੰਧਰ ਦਿਹਾਤੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ ਸਾਲ 2014 'ਚ ਤਰਨਜੀਤ ਸਿੰਘ ਧਨੋਆ ਦੇ ਨਾਲ ਉਸ ਦੀ ਮੁਲਾਕਾਤ ਫੇਸਬੁੱਕ ਰਾਹੀਂ ਹੋਈ ਸੀ। ਤਰਨਜੀਤ ਸਿੰਘ ਉਸ ਵੇਲੇ ਨਵਾਂ-ਨਵਾਂ ਕੈਨੇਡਾ ਆਇਆ ਸੀ। ਗੱਲਬਾਤ ਮਗਰੋਂ 3 ਜਨਵਰੀ 2017 ਨੂੰ ਉਨ੍ਹਾਂ ਦੀ ਕੈਨੇਡਾ ਵਿਖੇ ਹੀ ਪਰਿਵਾਰ ਦੀ ਮਰਜ਼ੀ ਅਨੁਸਾਰ ਮੰਗਣੀ ਹੋਈ ਅਤੇ ਉਸ ਤੋਂ ਬਾਅਦ 27 ਜਨਵਰੀ ਨੂੰ ਪੰਜਾਬ ਦੇ ਫਗਵਾੜਾ ਵਿਖੇ ਉਨ੍ਹਾਂ ਦਾ ਵਿਆਹ ਹੋਇਆ। ਪਰੀਨਾ ਕੌਰ ਮੁਤਾਬਕ ਮੰਗਣੀ ਅਤੇ ਵਿਆਹ ਦੇ ਸਮੇਂ ਮੇਰੇ ਮਾਤਾ-ਪਿਤਾ ਵੱਲੋਂ ਸਹੁਰਾ ਪਰਿਵਾਰ ਦੀ ਮੰਗ ਅਨੁਸਾਰ ਦਾਜ ਅਤੇ ਸੋਨਾ ਦਿੱਤਾ ਗਿਆ ਤੇ ਵਿਆਹ ਦੇ ਪ੍ਰਬੰਧਾਂ 'ਚ ਵੀ ਕੋਈ ਕਮੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : Breaking : ਪੰਜਾਬ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਦਿੱਲੀ 'ਚ ਹੋਈ ਵੱਡੀ ਕਾਰਵਾਈ

ਪੀੜਤਾ ਨੇ ਕਿਹਾ ਕਿ ਮੇਰੇ ਪਤੀ ਤਰਨਜੀਤ ਸਿੰਘ ਤੇ ਉਸ ਦੇ ਪਰਿਵਾਰ ਦਾ ਵਤੀਰਾ ਮੇਰੇ ਨਾਲ ਬਿਲਕੁਲ ਵੀ ਠੀਕ ਨਹੀਂ ਸੀ ਅਤੇ ਉਨ੍ਹਾਂ ਦਾ ਲਾਲਚ ਲਗਾਤਾਰ ਵਧ ਰਿਹਾ ਸੀ। ਮੇਰਾ ਪਤੀ ਅਤੇ ਸਹੁਰਾ ਪਰਿਵਾਰ ਮੇਰੇ ਕੋਲੋਂ ਪੇਕੇ ਪਰਿਵਾਰ ਦੀ ਜਾਇਦਾਦ 'ਚੋਂ ਹਿੱਸਾ ਦੇਣ ਲਈ ਵੀ ਲਗਾਤਾਰ ਤੰਗ-ਪ੍ਰੇਸ਼ਨ ਕਰ ਰਹੇ ਸਨ। ਇਸ ਦੌਰਾਨ ਜਦੋਂ ਮੇਰੇ ਪਤੀ ਤਰਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਮੇਰੇ ਪੇਟ 'ਚ ਬੱਚੀ ਪਲ਼ ਰਹੀ ਹੈ ਤਾਂ ਉਨ੍ਹਾਂ ਵੱਲੋਂ ਲੜਕੇ ਦੀ ਮੰਗ ਨੂੰ ਲੈ ਕੇ ਮੈਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਸਹੁਰਾ ਪਰਿਵਾਰ ਅਤੇ ਪਤੀ ਵੱਲੋਂ ਲਗਾਤਾਰ ਅਬਾਰਸ਼ਨ ਲਈ ਵੀ ਮੇਰੇ 'ਤੇ ਦਬਾਅ ਪਾਇਆ ਗਿਆ। ਮੈਂ ਇਸ ਦੇ ਲਈ ਇਨਕਾਰ ਕੀਤਾ ਦਿੱਤਾ ਤਾਂ ਮੇਰੀ ਕੁੱਟਮਾਰ ਵੀ ਕੀਤੀ ਗਈ ਅਤੇ ਇਸ ਵਿਚਾਲੇ ਮੇਰੇ ਪਤੀ ਨੇ ਮੈਨੂੰ ਪੇਕੇ ਘਰ ਛੱਡ ਦਿੱਤਾ ਅਤੇ ਉਸ ਤੋਂ ਬਾਅਦ ਮੇਰਾ ਹਾਲ-ਚਾਲ ਪੁੱਛਣਾ ਵੀ ਬੰਦ ਕਰ ਦਿੱਤਾ।

ਪਰੀਨਾ ਕੌਰ ਹੰਸ ਨੇ ਆਰੋਪ ਲਗਾਇਆ ਕਿ 9 ਮਾਰਚ 2021 ਨੂੰ ਜਦੋਂ ਉਸ ਨੇ ਬੇਟੀ ਨੂੰ ਜਨਮ ਦਿੱਤਾ ਤਾਂ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ 'ਚੋਂ ਕੋਈ ਵੀ ਮੈਂਬਰ ਬੇਟੀ ਨੂੰ ਵੇਖਣ ਤੱਕ ਨਹੀਂ ਆਇਆ। ਬੇਟੀ ਦੇ ਜਨਮ ਤੋਂ ਬਾਅਦ ਵੀ ਉਹ ਲਗਾਤਾਰ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ। ਇਸ ਦੌਰਾਨ ਉਸ ਦੇ ਸਹੁਰੇ ਪਰਿਵਾਰ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਿਨਾਂ ਕੋਈ ਸੂਚਨਾ ਦਿੱਤੇ ਤੇ ਬਿਨਾਂ ਮੈਨੂੰ ਤਲਾਕ ਦਿੱਤੇ ਇੰਡੀਆ ਆ ਕੇ ਦੂਜਾ ਵਿਆਹ ਕਰਵਾਉਣ ਦੀ ਸਾਜ਼ਿਸ਼ ਰਚੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਬੋਲੇ- ਸਰਕਾਰਾਂ ਨੂੰ ਦੂਰਅੰਦੇਸ਼ੀ ਤੇ ਸਬਰ ਤੋਂ ਕੰਮ ਕਰਨ ਦੀ ਲੋੜ

ਪੀੜਤਾ ਦਾ ਆਰੋਪ ਹੈ ਕਿ ਉਸ ਦੇ ਪਤੀ ਤਰਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਿਹਣਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਝੁੱਟੀ ਅਤੇ ਉਸ ਦੇ ਪੂਰੇ ਪਰਿਵਾਰ ਤੋਂ ਪਹਿਲੇ ਵਿਆਹ ਦੀ ਗੱਲ ਛੁਪਾਈ ਤੇ ਤਰਨਜੀਤ ਸਿੰਘ ਨੇ ਆਪਣਾ ਸਟੇਟਸ ਸਿੰਗਲ ਸ਼ੋਅ ਕੀਤਾ। ਦੂਜੇ ਪਰਿਵਾਰ ਨਾਲ ਵੀ ਧੋਖਾ ਕਰਕੇ ਉਸ ਦੇ ਸਹੁਰਾ ਪਰਿਵਾਰ ਨੇ ਆਪਣੇ ਲੜਕੇ ਤਰਨਜੀਤ ਸਿੰਘ ਦਾ ਵਿਆਹ 5 ਦਸੰਬਰ 2022 ਨੂੰ ਹੁਸ਼ਿਆਰਪੁਰ ਦੇ ਇਕ ਪੈਲੇਸ 'ਚ ਕਰ ਦਿੱਤਾ। ਇਸ ਪੂਰੀ ਸਾਜ਼ਿਸ਼ 'ਚ ਮੇਰੇ ਪਤੀ ਤਰਨਜੀਤ ਸਿੰਘ ਤੋਂ ਇਲਾਵਾ ਸਹੁਰਾ ਜਰਨੈਲ ਸਿੰਘ, ਸੱਸ ਕਮਲਜੀਤ ਕੌਰ ਧਨੋਆ, ਮਾਸੀ ਬਲਵੀਰ ਕੌਰ ਅਤੇ ਵਿਚੋਲਣ ਰੁਪਿੰਦਰ ਕੌਰ ਰੂਪੀ ਪਤਨੀ ਪ੍ਰਿਤਪਾਲ ਸਿੰਘ ਫਗੂੜਾ ਪਿੰਡ ਬੱਦੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਪੂਰਾ ਹੱਥ ਸੀ, ਜਿਨ੍ਹਾਂ ਮੇਰੇ ਨਾਲ ਵਿਆਹ ਦੀ ਗੱਲ ਛੁਪਾਈ ਅਤੇ ਨਾਲ ਹੀ ਮੈਨੂੰ ਤਲਾਕ ਦਿੱਤੇ ਬਿਨਾਂ ਅਤੇ ਮੇਰੀ ਬੇਟੀ ਨੂੰ ਛੱਡ ਕੇ ਧੋਖੇ ਨਾਲ ਦੂਜਾ ਵਿਆਹ ਰਚਾ ਲਿਆ। 

ਇਹ ਵੀ ਪੜ੍ਹੋ : ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਰੇਲਵੇ ਸਟੇਸ਼ਨ ਸ਼ੰਭੂ 'ਤੇ ਹੋਇਆ ਸੀ ਔਰਤ ਦਾ ਕਤਲ

ਉਧਰ, ਜਲੰਧਰ ਪੁਲਸ ਨੇ ਪਰੀਨਾ ਕੌਰ ਵੱਲੋਂ ਲਗਾਏ ਗਏ ਆਰੋਪਾਂ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਪਤੀ ਤਰਨਜੀਤ ਸਿੰਘ ਧਨੋਆ, ਸਹੁਰਾ ਜਰਨੈਲ ਸਿੰਘ ਧਨੋਆ, ਸੱਸ ਕਮਲਜੀਤ ਕੌਰ ਧਨੋਆ, ਬਲਵੀਰ ਕੌਰ ਮਾਸੀ ਅਤੇ ਵਿਚੋਲਣ ਰੁਪਿੰਦਰ ਕੌਰ ਖ਼ਿਲਾਫ਼ ਧਾਰਾ 406, 417, 494, 498-ਏ-, 120-ਬੀ ਤਹਤ ਫੌਜਦਾਰੀ ਮਾਮਲਾ ਦਰਜ ਕਰ ਲਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh