ਦਾਜ ਲਈ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਦੇ ਦੋਸ਼ ''ਚ ਸਹੁਰੇ ਪਰਿਵਾਰ ''ਤੇ ਮੁਕੱਦਮਾ ਦਰਜ

09/18/2017 9:58:50 AM


ਗਿੱਦੜਬਾਹਾ (ਕੁਲਭੂਸ਼ਨ) - ਥਾਣਾ ਗਿੱਦੜਬਾਹਾ ਪੁਲਸ ਵੱਲੋਂ ਰਮਨਦੀਪ ਕੌਰ ਪੁੱਤਰੀ ਬਲਜੀਤ ਸਿੰਘ ਦੇ ਬਿਆਨਾਂ 'ਤੇ ਉਸ ਦੇ ਪਤੀ ਮਨਿੰਦਰ ਸਿੰਘ ਪੁੱਤਰ ਪ੍ਰਦੀਪ ਸਿੰਘ, ਸੱਸ ਪਰਮਿੰਦਰ ਕੌਰ ਵਾਸੀ ਹੁਸਨਰ, ਨਾਨਣ ਸਤਵੀਰ ਕੌਰ ਤੇ ਉਸ ਦੇ ਪਤੀ ਅਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮੱਲਣ ਦੇ ਵਿਰੁੱਧ ਦਾਜ ਲਈ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਰਮਨਦੀਪ ਕੌਰ ਨੇ ਦੱਸਿਆ ਕਿ ਮੇਰਾ ਵਿਆਹ 18 ਅਪ੍ਰੈਲ 2016 ਨੂੰ ਪਿੰਡ ਹੁਸਨਰ ਨਿਵਾਸੀ ਮਨਿੰਦਰ ਸਿੰਘ ਨਾਲ ਹੋਇਆ ਸੀ ਅਤੇ ਮੇਰੇ ਘਰ ਵਾਲਿਆਂ ਨੇ ਆਪਣੀ ਹੈਸੀਅਤ ਅਨੁਸਾਰ ਵਿਆਹ 'ਚ ਦਾਜ ਦਿੱਤਾ ਸੀ। ਮੇਰੇ ਨਣਦੋਈਏ ਅਮਨਦੀਪ ਸਿੰਘ ਅਤੇ ਮੇਰੀ ਨਨਾਣ ਸਤਵੀਰ ਕੌਰ ਨੇ ਮੇਰੇ ਪਿਤਾ ਕੋਲੋਂ 10.50 ਲੱਖ ਰੁਪਏ ਨਕਦ ਦੀ ਮੰਗ ਕੀਤੀ ਸੀ, ਜਿਸ 'ਤੇ ਮੇਰੇ ਪਿਤਾ ਨੇ ਵਿਚੋਲੇ ਬਲਵੰਤ ਸਿੰਘ ਪੁੱਤਰ ਮਿੱਠੂ ਸਿੰਘ ਦੀ ਹਾਜ਼ਰੀ ਵਿਚ 8 ਲੱਖ ਰੁਪਏ ਨਕਦ ਉਨ੍ਹਾਂ ਨੂੰ ਪਿੰਡ ਮੱਲਣ ਜਾ ਕੇ ਵਿਆਹ ਤੋਂ ਪਹਿਲਾਂ ਦਿੱਤੇ ਸਨ ਅਤੇ ਇਸ ਤੋਂ ਇਲਾਵਾ ਮੇਰੇ ਮਾਪਿਆਂ ਨੇ ਮੇਰੇ ਵਿਆਹ 'ਤੇ ਕਰੀਬ 7-8 ਲੱਖ ਰੁਪਏ ਦਾ ਖਰਚ ਕੀਤਾ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਾਜ ਦੇ ਬਕਾਇਆ ਰਹਿੰਦੇ 2.50 ਲੱਖ ਰੁਪਏ ਅਤੇ ਵੱਡੀ ਗੱਡੀ ਦੀ ਮੰਗ ਕੀਤੀ। 

ਉਸ ਨੇ ਦੱਸਿਆ ਕਿ ਮੇਰੇ ਮਾਪਿਆਂ ਨੇ ਤਿੰਨ ਵਾਰ ਪੰਚਾਇਤਾਂ ਕੀਤੀਆਂ ਅਤੇ ਪੰਚਾਇਤ ਸਾਹਮਣੇ ਮੇਰਾ ਸਹੁਰਾ ਪਰਿਵਾਰ ਮੈਨੂੰ ਵਸਾਉਣ ਲਈ ਮੰਨ ਜਾਂਦਾ ਪਰ ਬਾਅਦ 'ਚ ਉਨ੍ਹਾਂ ਦਾ ਵਿਵਹਾਰ ਫਿਰ ਮੇਰੇ ਪ੍ਰਤੀ ਬਦਲ ਜਾਂਦਾ। ਮੇਰੇ ਪਿਤਾ ਨੇ ਮਿਤੀ 05-01-17 ਨੂੰ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਦਰਖਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਅਤੇ ਵੂਮੈਨ ਸੈੱਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਚਾਇਤੀ ਤੌਰ 'ਤੇ ਦੋਵਾਂ ਧਿਰਾਂ ਦਾ ਸਮਝੌਤਾ ਹੋ ਗਿਆ ਅਤੇ ਮੇਰੇ ਮਾਪਿਆਂ ਨੇ ਮੇਰੀ ਸੱਸ ਨੂੰ 2.50 ਲੱਖ ਰੁਪਏ ਨਕਦ ਦੇ ਦਿੱਤੇ, ਉਸ ਤੋਂ ਬਾਅਦ ਮੇਰੀ ਸੱਸ ਨੇ ਇਹ ਕਹਿ ਕੇ ਮੈਨੂੰ ਤਿੰਨ ਲੱਖ ਰੁਪਏ ਹੋਰ ਲਿਆਉਣ ਦੀ ਮੰਗ ਕੀਤੀ ਕਿ 2.50 ਲੱਖ ਰੁਪਏ ਨਾਲ ਵੱਡੀ ਗੱਡੀ ਨਹੀਂ ਆਉਂਦੀ। ਮੇਰੇ ਪੈਸੇ ਲਿਆਉਣ ਤੋਂ ਇਨਕਾਰ ਕਰਨ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਅਤੇ ਮਿਤੀ 23-03-17 ਨੂੰ ਮੇਰੇ ਪਤੀ ਤੇ ਸੱਸ ਨੇ ਮੈਨੂੰ ਮਾਰਨ ਦੀ ਨੀਅਤ ਨਾਲ ਕਮਰੇ ਵਿਚ ਬੰਦ ਕਰ ਲਿਆ ਅਤੇ ਗਲੇ 'ਚ ਚੁੰਨੀ ਪਾ ਕੇ ਮੇਰੀ ਧੂ-ਘੜੀਸ ਕੀਤੀ। 

ਮੇਰੇ ਨਾਲ ਵਾਪਰੀ ਉਕਤ ਘਟਨਾ ਸਬੰਧੀ ਪਤਾ ਲੱਗਣ 'ਤੇ ਮੇਰੇ ਪਿਤਾ ਬਲਜੀਤ ਸਿੰਘ, ਮੇਰਾ ਭਰਾ ਗੁਰਪ੍ਰੀਤ ਸਿੰਘ ਅਤੇ ਵਿਚੋਲਾ ਬਲਵੰਤ ਸਿੰਘ ਮੇਰੇ ਸਹੁਰੇ ਘਰ ਆ ਗਏ ਅਤੇ ਮੇਰੇ ਪਿਤਾ ਨੇ ਮੈਨੂੰ ਗਿੱਦੜਬਾਹਾ ਹਸਪਤਾਲ 'ਚ ਦਾਖਲ ਕਰਵਾਇਆ, ਜਿਸ 'ਤੇ ਥਾਣਾ ਗਿੱਦੜਬਾਹਾ ਦੀ ਪੁਲਸ ਨੇ ਉਸ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਪੜਤਾਲ ਕਰਨ ਉਪਰੰਤ ਉਕਤ ਸਾਰਿਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।