ਨਸ਼ਾ ਛੁਡਾਊ ਕੇਂਦਰ ’ਚੋਂ ਭੱਜੇ ਅੱਠ ਨੌਜਵਾਨਾਂ ਖਿਲਾਫ ਮਾਮਲਾ ਦਰਜ
Saturday, Jul 07, 2018 - 05:41 AM (IST)

ਮੋਗਾ, (ਅਜ਼ਾਦ)- ਮੋਗਾ ਦੇ ਨੇਡ਼ਲੇ ਪਿੰਡ ਜਨੇਰ ’ਚ ਸਥਿਤ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਤੋਂ ਬੀਤੀ 4 ਜੂਨ ਦੀ ਰਾਤ ਨੂੰ ਸੁਰੱਖਿਆ ਕਰਮਚਾਰੀ ਨੂੰ ਕੁੱਟ-ਮਾਰ ਕਰਨ ਦੇ ਇਲਾਵਾ ਭੰਨ ਤੋਡ਼ ਕਰਕੇ ਉਥੋਂ ਭੱਜੇ ਅੱਠ ਨੌਜਵਾਨ ਲਡ਼ਕਿਆਂ ਖਿਲਾਫ ਥਾਣਾ ਕੋਟ ਈਸੇ ਖਾਂ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਜੇ. ਜੇ. ਅਟਵਾਲ ਨੇ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਗੁਰਸੇਵਕ ਸਿੰਘ ਨਿਵਾਸੀ ਪਿੰਡ ਬੱਡੂਵਾਲ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਕਿਹਾ ਕਿ ਉਹ ਨਸ਼ਾ ਛੁਡਾਊ ਕੇਂਦਰ ਜਨੇਰ ’ਚ ਸੁਰੱਖਿਆ ਕਰਮਚਾਰੀ ਤਾਇਨਾਤ ਹੈ। ਦੋਸ਼ੀ ਸਤਨਾਮ ਸਿੰਘ ਨਿਵਾਸੀ ਕੋਕਰੀ ਕਲਾਂ, ਲਵਪ੍ਰੀਤ ਸਿੰਘ ਨਿਵਾਸੀ ਪਿੰਡ ਚੂਹਡ਼ਚੱਕ, ਗੁਰਵਿੰਰ ਸਿੰਘ ਨਿਵਾਸੀ ਪਿੰਡ ਧਰਮ ਸਿੰਘ ਵਾਲਾ, ਸਤਿੰਦਰ ਸਿੰਘ ਨਿਵਾਸੀ ਪਿੰਡ ਕਮਾਲਕੇ, ਰਣਦੀਪ ਸਿੰਘ ਨਿਵਾਸੀ ਦਸਮੇਸ਼ ਨਗਰ ਮੋਗਾ, ਸ਼ੁਭਕਰਮ ਸਿੰਘ ਨਿਵਾਸੀ ਸੁਭਾਸ਼ ਕਾਲੋਨੀ ਜ਼ੀਰਾ, ਜਤਿੰਦਰ ਸਿੰਘ ਨਿਵਾਸੀ ਪਿੰਡ ਮਤਿਹਪੁਰ, ਸਤਨਾਮ ਸਿੰਘ ਨਿਵਾਸੀ ਪਿੰਡ ਧਰਮ ਸਿੰਘ ਵਾਲਾ ਕਾਫੀ ਸਮੇਂ ਤੋਂ ਨਸ਼ਾ ਛੱਡਣ ਲਈ ਉਥੇ ਦਾਖਲ ਸਨ। ਉਕਤ ਲਡ਼ਕਿਆਂ ਨੇ ਉਥੇ ਡਿਊਟੀ ’ਤੇ ਤਾਇਨਾਤ ਨਿਰਭੈ ਸਿੰਘ ਨਿਵਾਸੀ ਪਿੰਡ ਭਡੀ (ਮਾਨਸਾ) ਅਤੇ ਗੁਰਦੀਪ ਸਿੰਘ ਨਿਵਾਸੀ ਪਿੰਡ ਟੱਲੇਵਾਲ (ਬਰਨਾਲਾ) ਨੂੰ ਕਮਰੇ ’ਚ ਬੰਦ ਕਰ ਦਿੱਤਾ ਅਤੇ ਮੈਂਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੇਰੇ ਤੋਂ ਚਾਬੀਆਂ ਖੋਹ ਕੇ ਮੈਂਨੂੰ ਕਮਰੇ ’ਚ ਬੰਦ ਕਰ ਦਿੱਤਾ ਅਤੇ ਖੁਦ ਨਸ਼ਾ ਛੁਡਾਊ ਕੇਂਦਰ ਤੋਂ ਫਰਾਰ ਹੋ ਗਏ ਅਤੇ ਇਨ੍ਹਾਂ ਨੇ ਹੋਰ ਲਡ਼ਕਿਆਂ ਨੂੰ ਬਾਹਰ ਕੱਢਿਆ।
ਉਸਨੇ ਇਹ ਵੀ ਕਿਹਾ ਕਿ ਮੈਂਨੂੰ ਪਤਾ ਲੱਗਾ ਹੈ ਕਿ ਉਕਤ ਲਡ਼ਕਿਆਂ ਨੇ ਪਿੰਡ ਦਾਤਾ ’ਚ ਸਥਿਤ ਗੁਰਦੁਆਰਾ ਸਾਹਿਬ ਤੋਂ ਮੋਟਰ ਸਾਈਕਲ ਵੀ ਚੋਰੀ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੇ ਬਾਅਦ ਉਕਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਮੇਜਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।